ਵੱਖ-ਵੱਖ ਅਕਾਲੀ ਦਲਾਂ ਨੂੰ ਇਕਜੁੱਟ ਹੋਣ ਦਾ ਸੱਦਾ ਦੇ ਚੁੱਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੁਣ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵੱਖ-ਵੱਖ ਧੜਿਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਹ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਕਸ਼ਮੀਰ ਦੇ ਪਹਿਲਗਾਮ ‘ਚ ਲਾਏ ਗਏ ਗੁਰਮਤਿ ਸਿਖਲਾਈ ਕੈਂਪ ਦੇ ਸਮਾਪਤੀ ਸਮਾਗਮ ‘ਚ ਪੁੱਜੇ ਜਿੱਥੇ ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਫੈਡਰੇਸ਼ਨ ਦੇ ਸਮੂਹ ਧੜਿਆਂ ਨੂੰ ਸ੍ਰੀ ਅਕਾਲ ਤਖ਼ਤ ਦੀ ਅਗਵਾਈ ਹੇਠ ਇਕ ਮੰਚ ‘ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਤਾਂ ਜੋ ਸਿੱਖ ਰਾਜਨੀਤੀ ਲਈ ਚੰਗੇ ਕਿਰਦਾਰ ਵਾਲੇ ਸਿੱਖ ਆਗੂ ਤਿਆਰ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਗੁਰਮਤਿ ਸਿਖਲਾਈ ਕੈਂਪ ਨੌਜਵਾਨਾਂ ਨੂੰ ਸਿੱਖ ਇਤਿਹਾਸ, ਸਿੱਖ ਧਰਮ ਤੇ ਸਿੱਖ ਸਿਧਾਂਤਾਂ ਬਾਰੇ ਜਾਣਕਾਰੀ ਦੇਣ ਲਈ ਲਾਹੇਵੰਦ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਵੱਲੋਂ ਪਹਿਲਾਂ ਵੀ ਅਜਿਹੇ ਗੁਰਮਤਿ ਸਿਖਲਾਈ ਕੈਂਪ ਲਾਏ ਜਾਂਦੇ ਸਨ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਜਥੇਬੰਦੀ ‘ਤੇ ਰੋਕ ਲਾ ਦਿੱਤੀ ਜਿਸ ਨਾਲ ਜਥੇਬੰਦੀ ਕਈ ਧੜਿਆਂ ਵਿਚ ਵੰਡੀ ਗਈ, ਜਿਸ ਲਈ ਸਿੱਖ ਆਗੂ ਵੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਫੈਡਰੇਸ਼ਨਾਂ ‘ਚ ਆਈ ਖੜੋਤ ਤੋਂ ਬਾਅਦ ਚੰਗੇ ਸਿੱਖ ਆਗੂਆਂ ਦੀ ਘਾਟ ਪੈਦਾ ਹੋ ਗਈ ਹੈ ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ‘ਚ ਅਜਿਹਾ ਸ਼ਾਇਦ ਹੀ ਕੋਈ ਆਗੂ ਹੋਵੇਗਾ ਜੋ ਸਿੱਖ ਇਤਿਹਾਸ, ਸਿੱਖ ਧਰਮ ਅਤੇ ਸਿਧਾਂਤਾਂ ‘ਤੇ ਗੱਲ ਕਰ ਸਕਦਾ ਹੋਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਜਥੇਬੰਦੀ ਹੈ ਅਤੇ ਕਿਸੇ ਇਕ ਦੀ ਸੰਪਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਜਥੇਬੰਦੀ ‘ਚ ਅੱਸੀ ਫ਼ੀਸਦ ਵਿਦਿਆਰਥੀ ਭਰਤੀ ਕੀਤੇ ਜਾਣ ਅਤੇ ਬਾਕੀ ਵੀਹ ਫ਼ੀਸਦ ਤਜਰਬੇਕਾਰ ਸਿੱਖ ਆਗੂ ਸ਼ਾਮਲ ਹੋਣ ਜੋ ਇਨ੍ਹਾਂ ਦਾ ਰਾਹ ਦਸੇਰਾ ਬਣਨ। ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਫੈਡਰੇਸ਼ਨ ਦੇ ਸਾਬਕਾ ਆਗੂ ਭਾਈ ਰਾਜਿੰਦਰ ਸਿੰਘ ਮਹਿਤਾ, ਫੈਡਰੇਸ਼ਨ ਪ੍ਰਧਾਨ ਪਰਮਜੀਤ ਸਿੰਘ ਖਾਲਸਾ, ਮੇਜਰ ਸਿੰਘ ਨੇ ਵੀ ਸੰਬੋਧਨ ਕੀਤਾ। ਦੱਸਣਯੋਗ ਹੈ ਕਿ ਪੰਜਾਬ ‘ਚ ਖਾੜਕੂਵਾਦ ਵੇਲੇ ਫੈਡਰੇਸ਼ਨ ‘ਤੇ ਰੋਕ ਲਾ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਇਹ ਜਥੇਬੰਦੀ ਵੱਖ-ਵੱਖ ਧੜਿਆਂ ‘ਚ ਵੰਡੀ ਗਈ।