ਪਿਛਲੇ ਦਸ ਮਹੀਨੇ ਤੋਂ ਇਨਸਾਫ਼ ਦੀ ਮੰਗ ਕਰ ਰਹੇ ਅਤੇ ਅਸਲ ਕਾਤਲਾਂ ਨੂੰ ਬੇਪਰਦ ਕਰਨ ਲਈ ਸੰਘਰਸ਼ਸ਼ੀਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਅੱਜ ਅੱਕੇ ਹੋਏ ਵਿਧਾਨ ਸਭਾ ਦੇ ਬਾਹਰ ਧਰਨੇ ‘ਤੇ ਬੈਠ ਗਏ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਮੰਗਲਵਾਰ ਸਵੇਰੇ ਅਚਨਚੇਤ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੇ ਤੀਜੇ ਦਿਨ ਚੰਡੀਗੜ੍ਹ ਪਹੁੰਚੇ ਅਤੇ ਵਿਧਾਨ ਸਭਾ ਦੇ ਬਾਹਰ ਹੱਥਾਂ ‘ਚ ਤਖਤੀਆਂ ਫੜ ਕੇ ਧਰਨੇ ‘ਤੇ ਬੈਠ ਗਏ। ਕਾਂਗਰਸੀ ਆਗੂਆਂ ਵੱਲੋਂ ਵੀ ਉਨ੍ਹਾਂ ਨੂੰ ਹਮਾਇਤ ਮਿਲੀ। ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਕਾਂਗਰਸੀ ਆਗੂ ਤੇ ਵਿਧਾਇਕ ਵੀ ਧਰਨੇ ‘ਚ ਸ਼ਾਮਲ ਸਨ। ਸਿੱਧੂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਗੋਲਡੀ ਬਰਾੜ ‘ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। ਭਾਵੇਂ ਗ੍ਰਿਫ਼ਤਾਰ ਕਰ ਲਿਆ ਜਾਵੇ, ਸਰਕਾਰ ਸੁਰੱਖਿਆ ਵਾਪਸ ਲੈ ਲਵੇ ਜਾਂ ਉਨ੍ਹਾਂ ਦਾ ਕਤਲ ਹੋ ਜਾਵੇ ਪਰ ਉਹ ਪਿੱਛੇ ਨਹੀਂ ਹਟਣਗੇ। ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਕਿਹਾ ਕਿ ਅੱਜ ਦਾ ਧਰਨਾ ਸਰਕਾਰ ਨੂੰ ਜਗਾਉਣ ਲਈ ਹੈ। 11 ਮਹੀਨਿਆਂ ਤੋਂ ਸਿੱਧੂ ਕਤਲ ਮਾਮਲੇ ‘ਚ ਕੁਝ ਨਹੀਂ ਹੋਇਆ। ਹੁਣ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ। ਗੋਇੰਦਵਾਲ ਜੇਲ੍ਹ ‘ਚ ਹੋਈ ਘਟਨਾ ‘ਤੇ ਉਨ੍ਹਾਂ ਕਿਹਾ ਕਿ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਸਿਰਫ ਗੁਰਗੇ ਹਨ ਜਿਹੜੇ ਰੁਪਏ ਲੈ ਕੇ ਇਹ ਕੰਮ ਕਰਨ ਆਏ ਪਰ ਇਸ ਸਾਜਿਸ਼ ਪਿੱਛੇ ਬੈਠੇ ਲੋਕਾਂ ਨੂੰ ਸਰਕਾਰ ਅਤੇ ਪੁਲੀਸ ਬੇਨਕਾਬ ਕਰਨ ਤੋਂ ਡਰ ਰਹੀ ਹੈ। ਉਨ੍ਹਾਂ ਦੁਹਰਾਇਆ ਕਿ ਕਈ ਨਾਂ ਵੀ ਉਨ੍ਹਾਂ ਦਿੱਤੇ ਹੋਏ ਹਨ ਪਰ ਕਾਰਵਾਈ ਨਹੀਂ ਹੋ ਰਹੀ। ਬਲਕੌਰ ਸਿੰਘ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਨੂੰ 18, 24 ਤੇ 27 ਤਰੀਕ ਨੂੰ ਧਮਕੀ ਦਿੱਤੀ ਗਈ ਕਿ 25 ਅਪ੍ਰੈਲ ਤੋਂ ਪਹਿਲਾਂ ਮਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪੁੱਤ ਦੇ ਕਤਲ ਸਬੰਧੀ ਇਨਸਾਫ਼ ਲੈਣ ਲਈ ਸਿਰ ‘ਤੇ ਕੱਫਨ ਬੰਨ੍ਹ ਕੇ ਵੀ ਨਿਕਲਣਗੇ ਪਰ ਪਿੱਛੇ ਨਹੀਂ ਹਟਣਗੇ। ਬਾਅਦ ‘ਚ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਧਰਨਾ ਦੇਣ ਦੀ ਲੋੜ ਨਹੀਂ। ਉਹ ਜਦੋਂ ਮਰਜ਼ੀ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਹੁਣ ਤਕ 29 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਪੰਜਾਬ ਪੁਲੀਸ ਦੋ ਗੈਂਗਸਟਰਾਂ ਦਾ ਐਨਕਾਉਂਟਰ ਵੀ ਕਰ ਚੁੱਕੀ ਹੈ। ਜਿੱਥੇ ਤਕ ਰਹਿੰਦੇ 5 ਮੁਲਜ਼ਮਾਂ ਦੀ ਗੱਲ ਹੈ, ਉਨ੍ਹਾਂ ਨੂੰ ਵੀ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਹ ਭਰੋਸਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਧਰਨਾ ਖ਼ਤਮ ਕਰ ਦਿੱਤਾ ਪਰ ਇਨਸਾਫ਼ ਲਈ ਸੰਘਰਸ਼ ਜਾਰੀ ਰੱਖਣ ਦੀ ਗੱਲ ਆਖੀ।