ਕਿੰਗ ਚਾਰਲਸ ਤਿੰਨ ਅਤੇ ਮਹਾਰਾਣੀ ਕੈਮਿਲਾ ਦੇ ਅਗਲੇ ਮਹੀਨੇ ਹੋਣ ਵਾਲੇ ਤਾਜਪੋਸ਼ੀ ਸਮਾਗਮ ਤੋਂ ਇੰਡੀਆ ਦੇ ਦਾਅਵੇ ਵਾਲਾ ‘ਕੋਹਿਨਰੂ’ ਹੀਰਾ ਦੂਰ ਰਹੇਗਾ। ਬਕਿੰਘਮ ਪੈਲੇਸ ਨੇ ਬਸਤੀਵਾਦੀ ਯੁੱਗ ਦੇ ਕੋਹਿਨੂਰ ਹੀਰੇ ਨਾਲ ਜੁੜੇ ਵਿਵਾਦ ਦੇ ਮੱਦੇਨਜ਼ਰ ਚੌਕਸੀ ਵਰਤਦਿਆਂ ਇਸ ਨੂੰ ਤਾਜਪੋਸ਼ੀ ਸਮਾਗਮ ਦਾ ਹਿੱਸਾ ਨਾ ਬਣਾਉਣ ਦਾ ਫੈਸਲਾ ਕੀਤਾ ਹੈ। ਬਰਤਾਨਵੀ ਰਾਜ ਪਰਿਵਾਰ ਨਾਲ ਜੁੜੇ ਮਾਮਲਿਆਂ ਦੇ ਮਾਹਿਰ ਨੇ ਇਹ ਜਾਣਕਾਰੀ ਦਿੱਤੀ ਹੈ। ‘ਦਿ ਡੇਲੀ ਟੈਲੀਗ੍ਰਾਫ’ ਅਖ਼ਬਾਰ ਦੀ ਸਹਾਇਕ ਸੰਪਾਦਕ ਕੈਮਿਲਾ ਟੋਮਿਨੀ ਨੇ ਇਕ ਇੰਟਰਵਿਊ ‘ਚ ਕਿਹਾ ਕਿ ਰਵਾਇਤੀ ਤਾਜ ‘ਚ ਕੋਹਿਨੂਰ ਹੀਰਾ ਜੜਿਆ ਹੋਣ ਕਰਕੇ ਇਸ ਦੀ ਵਰਤੋਂ ਨਾ ਕੀਤੇ ਜਾਣ ਦੇ ਕੈਮਿਲਾ ਦੇ ਫੈਸਲੇ ‘ਤੇ ਉਨ੍ਹਾਂ ਗੌਰ ਕੀਤਾ। ਅਗਲੇ ਮਹੀਨੇ 6 ਮਈ ਨੂੰ ਹੋਣ ਵਾਲੇ ਤਾਜਪੋਸ਼ੀ ਸਮਾਗਮ ਲਈ ਬਕਿੰਘਮ ਪੈਲੇਸ ਵੱਲੋਂ ਕੱਢੇ ਗਏ ਸ਼ਾਹੀ ਗਹਿਣਿਆਂ ਤੋਂ ਇਹ ਪੁਸ਼ਟੀ ਹੁੰਦੀ ਹੈ ਕਿ ਮਹਾਰਾਣੀ ਕੈਮਿਲਾ ਨੇ ਮਹਾਰਾਣੀ ਮੈਰੀ ਦੇ ਤਾਜ ਨੂੰ ਚੁਣਿਆ ਹੈ। ਟੋਮਿਨੀ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਕੋਹਿਨੂਰ ਦੇ ਵਿਵਾਦਾਂ ‘ਚ ਰਹਿਣ ਕਰਕੇ ਸ਼ਾਇਦ ਬਕਿੰਘਮ ਪੈਲੇਸ ਵਧੇਰੇ ਚੌਕਸ ਰਿਹਾ ਹੋਵੇਗਾ ਤੇ ਲਿਹਾਜ਼ਾ ਇਸ ਹੀਰੇ ਦੇ ਮੂਲ ਸਥਾਨ ਨਾਲ ਜੁੜੀ ਕਹਾਣੀ ਨੂੰ ਹੋਰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਹੈ।’ ਇਸ ਮਹੀਨੇ ਦੀ ਸ਼ੁਰੂਆਤ ‘ਚ ਪੈਲੇਸ ਨੇ ਕਿਹਾ ਸੀ ਕਿ ਮਹਾਰਾਣੀ ਮੈਰੀ ਦੇ ਤਾਜ ‘ਚ ਮਾਮੂਲੀ ਬਦਲਾਅ ਕੀਤੇ ਜਾ ਰਹੇ ਹਨ ਜਿਵੇਂ ਕਿ ਇਸ ‘ਚ ਕਲੀਨਨ 3, 4 ਤੇ 5 ਹੀਰੇ ਨੂੰ ਸ਼ਾਮਲ ਕਰਨਾ, ਜੋ ਕਈ ਸਾਲਾਂ ਤੋਂ ਮਹਾਰਾਣੀ ਐਲਿਜ਼ਬੈੱਥ ਦੋਇਮ ਦੇ ਨਿੱਜੀ ਗਹਿਣਿਆਂ ਦੇ ਸੰਗ੍ਰਹਿ ਦਾ ਹਿੱਸਾ ਰਹੇ ਹਨ। ਡਿਜ਼ਾਈਨ ਮਹਾਰਾਣੀ ਅਲੈਗਜ਼ੈਂਡਰਾ ਦੇ 1902 ਦੇ ਤਾਜ ਤੋਂ ਪ੍ਰੇਰਿਤ ਹੈ ਜਿਸ ਨੂੰ ਮੂਲ ਰੂਪ ‘ਚ ਕੋਹਿਨੂਰ ਨਾਲ ਜੜਿਆ ਗਿਆ ਸੀ, ਜੋ ਮਹਾਰਾਣੀ ਐਲਿਜ਼ਬੈੱਥ ਦੋਇਮ ਦੀ ਮਾਂ ਮਹਾਰਾਣੀ ਐਲਿਜ਼ਬੈੱਥ ਦੇ ਤਾਜ ‘ਚ 1937 ਤੋਂ ਜੜਿਆ ਹੋਇਆ ਹੈ। ਪਿਛਲੇ ਮਹੀਨੇ ਬਰਤਾਨਵੀ ਮਹਿਲਾਂ ਦਾ ਪ੍ਰਬੰਧ ਵੇਖਦੀ ਚੈਰਿਟੀ ‘ਹਿਸਟੋਰਿਕ ਰੌਇਲ ਪੈਲੇਸਿਜ਼’ ਨੇ ਕਿਹਾ ਸੀ ਕਿ ਕੋਹਿਨੂਰ ਹੀਰੇ ਨੂੰ ਮਈ ਵਿੱਚ ‘ਟਾਵਰ ਆਫ਼ ਲੰਡਨ’ ਵਿੱਚ ਹੋਣ ਵਾਲੀ ਜਨਤਕ ਪ੍ਰਦਰਸ਼ਨੀ ਵਿੱਚ ‘ਜਿੱਤ ਦੇ ਪ੍ਰਤੀਕ’ ਵਜੋਂ ਪ੍ਰਦਰਸ਼ਿਤ ਕੀਤਾ ਜਾਵੇਗਾ। ਨੁਮਾਇਸ਼ ‘ਚ ਕੋਹਿਨੂਰ ਦੇ ਇਤਿਹਾਸ ਨੂੰ ਵੀ ਵਿਖਾਇਆ ਜਾਵੇਗਾ। ਚੇਤੇ ਰਹੇ ਕਿ ਇੰਡੀਆ, ਕੋਹਿਨੂਰ ‘ਤੇ ਆਪਣਾ ਦਾਅਵਾ ਜਤਾਉਂਦਾ ਰਿਹਾ ਹੈ।