ਮਿੰਨੀ ਓਲੰਪਿਕ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅਗਲੇ ਸਾਲ ਮੁੜ ਖੇਡ ਮੈਦਾਨ ‘ਚ ਜੁੜਨ ਦੇ ਵਾਅਦੇ ਨਾਲ ਸਮਾਪਤ ਹੋ ਗਈਆਂ। ਇਨ੍ਹਾਂ ਖੇਡਾਂ ਦੇ ਆਖਰੀ ਦਿਨ ਹਾਕੀ ਮੁਕਾਬਲਿਆਂ ‘ਚ ਕਿਲ੍ਹਾ ਰਾਏਪੁਰ ਦੇ ਲੜਕੇ ਅਤੇ ਸੋਨੀਪਤ ਦੀਆਂ ਲੜਕੀਆਂ ਜੇਤੂ ਰਹੀਆਂ ਜਦਕਿ ਕਬੱਡੀ ‘ਚ ਪੰਜਾਬ ਦੀਆਂ ਕੁੜੀਆਂ ਨੇ ਬਾਜ਼ੀ ਮਾਰੀ। ਇਸੇ ਤਰ੍ਹਾਂ ਟੀਮ ਮੁਕਾਬਲਿਆਂ ‘ਚ ਸੋਨੀਪਤ ਦੀ ਸਵੈਚ ਹਾਕੀ ਅਕੈਡਮੀ ਨੇ ਖਾਲਸਾ ਫਿਜ਼ੀਕਲ ਕਾਲਜ ਅੰਮ੍ਰਿਤਸਰ ਨੂੰ 2-1 ਗੋਲਾਂ ਨਾਲ ਹਰਾ ਕੇ 75 ਹਜ਼ਾਰ ਦਾ ਨਕਦ ਇਨਾਮ ਜਿੱਤਿਆ। ਪੁਰਸ਼ਾਂ ਦੇ ਵਰਗ ‘ਚ ਕਿਲ੍ਹਾ ਰਾਏਪੁਰ ਦੀ ਟੀਮ ਨੇ ਸ਼ਾਹਬਾਦ ਮਾਰਕੰਡਾ ਦੀ ਟੀਮ ਨੂੰ ਟਾਈਬਰੇਕਰ ਰਾਹੀਂ 2-1 ਗੋਲਾਂ ਨਾਲ ਹਰਾ ਕੇ ਇਨਾਮ ਜਿੱਤਿਆ। ਸਰਕਲ ਕਬੱਡੀ ‘ਚ ਪੰਜਾਬ ਦੀਆਂ ਕੁੜੀਆਂ ਨੇ ਹਰਿਆਣਾ ਨੂੰ 26-18 ਦੇ ਫਰਕ ਨਾਲ ਹਰਾਇਆ। ਲੜਕੀਆਂ ਦੀ 200 ਮੀਟਰ ਦੌੜ ਸੁਖਵਿੰਦਰ ਕੌਰ, 800 ਮੀਟਰ ਦੌੜ ਗੁਰਜੋਤ ਕੌਰ, ਉੱਚੀ ਛਾਲ ਕਮਲਜੀਤ ਕੌਰ ਨੇ ਜਿੱਤੀ। ਲੜਕਿਆਂ ਦੀ 100 ਮੀਟਰ ਦੌੜ ਅਭਿਸ਼ੇਕ ਸ਼ਰਮਾ, 200 ਅਤੇ 400 ਮੀਟਰ ਦੌੜ ਲਵਪ੍ਰੀਤ ਸਿੰਘ ਨੇ ਜਿੱਤੀ। ਵਿਧਾਇਕ ਰਾਜਿੰਦਰ ਕੌਰ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਖਿਡਾਰੀਆਂ/ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ ਪੱਤੀ ਸੁਹਾਵੀਆ ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਗੁਰਵਿੰਦਰ ਸਿੰਘ ਗਰੇਵਾਲ, ਸਰਪੰਚ ਗਿਆਨ ਸਿੰਘ, ਗੁਰਿੰਦਰ ਸਿੰਘ ਗਰੇਵਾਲ, ਬਲਜੀਤ ਸਿੰਘ ਤੇ ਦਵਿੰਦਰ ਸਿੰਘ ਪੂਨੀਆ ਨੇ ਖੇਡਾਂ ‘ਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਵਿਰਾਸਤੀ ਖੇਡਾਂ ‘ਚ ਬੱਚਿਆਂ ਦੀ ਕੁਸ਼ਤੀ ਰਾਜਸਥਾਨ ਤੋਂ ਆਏ ਲਾਡੀ ਨੇ ਜਿੱਤੀ, ਰਾਜਿੰਦਰ ਕੁਮਾਰ ਨੇ ਕੰਨਾਂ ਨਾਲ 63 ਕਿਲੋ ਵਜ਼ਨ ਚੁੱਕਿਆ, ਹਰਜਿੰਦਰ ਸਿੰਘ ਤੇ ਅਮਨਿੰਦਰ ਸਿੰਘ ਨੇ ਮੋਟਰਸਾਈਕਲ ‘ਤੇ ਕਰਤੱਵ ਦਿਖਾਏ, ਪੰਜਾਬ ਸਿੰਘ ਨੇ ਡੌਲਿਆਂ ਨਾਲ ਚਾਰ ਮੋਟਰਸਾਈਕਲ ਚੁੱਕੇ, ਸੁਖਚਰਨ ਸਿੰਘ ਬਰਾੜ ਨੇ ਪੈਰਾਗਲਾਈਡਿੰਗ ਸ਼ੋਅ ਕੀਤਾ।