ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵੱਲੋਂ ਕੇਜਰੀਵਾਲ ਤੇ ਭਗਵੰਤ ਮਾਨ ਦਾ ਪਾਰਟੀ ਉਮੀਦਵਾਰ ਦੇ ਹੱਕ ‘ਚ ਰੋਡ ਸ਼ੋਅ ਤੋਂ ਬਾਅਦ ਭਾਜਪਾ ਨੇ ਵੀ ਆਪਣੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ‘ਚ ਰੋਡ ਸ਼ੋਅ ਕੀਤਾ। ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ 10 ਮਈ ਨੂੰ ਪੈਣੀਆਂ ਹਨ ਅਤੇ ਚੋਣ ਪ੍ਰਚਾਰ ਦੇ ਅਖੀਰਲੇ ਦਿਨਾਂ ‘ਚ ਸਾਰੀਆਂ ਧਿਰਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ। ਭਾਜਪਾ ਨੇ ਸ਼ਾਮ ਵੇਲੇ ਕੰਪਨੀ ਬਾਗ ਤੋਂ ਰੋਡ ਸ਼ੋਅ ਕੀਤਾ ਗਿਆ ਜੋ ਜਲੰਧਰ ਦੇ ਵੱਖ-ਵੱਖ ਇਲਾਕਿਆਂ ‘ਚੋਂ ਨਿਕਲਿਆ। ਇਸ ਮੌਕੇ ਜਲੰਧਰ ਵਾਸੀਆਂ ਤੇ ਵਰਕਰਾਂ ਨੇ ਭਾਜਪਾ ਆਗੂਆਂ ‘ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਰੋਡ ਸ਼ੋਅ ‘ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਗਜੇਂਦਰ ਸ਼ੇਖਾਵਤ, ਵਿਜੇ ਰੂਪਾਨੀ, ਹਰਦੀਪ ਸਿੰਘ ਪੁਰੀ ਤੋਂ ਇਲਾਵਾ ਕੈਪਟਨ ਅਮਿੰਦਰ ਸਿੰਘ, ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਸਮੇਤ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ। ਅਨੁਰਾਗ ਠਾਕੁਰ ਨੇ ਕਿਹਾ ਕਿ ਜਲੰਧਰ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਰੋਡ ਸ਼ੋਅ ਤੋਂ ਭਾਜਪਾ ਦੇ ਉਮੀਦਵਾਰ ਦੀ ਜਿੱਤ ਸਾਫ਼ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਲੜਾਈ ਪਹਿਲੇ ਨੰਬਰ ਦੀ ਹੈ ਅਤੇ ਭਾਜਪਾ ਇਸ ‘ਚ ਪਾਸ ਹੋਵੇਗੀ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੀ ਭਾਜਪਾ ਇਕਜੁੱਟ ਹੋ ਕੇ ਜਲੰਧਰ ਦੀ ਜ਼ਿਮਨੀ ਚੋਣ ਲਈ ਕੰਮ ਕਰ ਰਹੀ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਸਰਕਾਰ ਦੂਜੇ ਰਾਜਾਂ ‘ਚ ਚੋਣ ਪ੍ਰਚਾਰ ਕਰਕੇ ਸੂਬੇ ਦੇ ਖਜ਼ਾਨੇ ਦੀ ਦੁਰਵਰਤੋਂ ਕਰ ਰਹੀ ਹੈ। ਇਸੇ ਕਾਰਨ ‘ਆਪ’ ਸਰਕਾਰ ਤੋਂ ਪੰਜਾਬੀਆਂ ਦਾ ਮੋਹ ਭੰਗ ਹੋ ਚੁੱਕਾ ਹੈ। ਸ਼ੇਖਾਵਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਨਾਲ ਕੀਤੇ ਵਾਅਦਿਆਂ ‘ਚੋਂ ਇਕ ਵੀ ਵਾਅਦਾ ਪੂਰਾ ਨਾ ਕੀਤੇ ਜਾਣ ਕਾਰਨ ਲੋਕ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਕੇਂਦਰੀ ਖੇਡ, ਯੁਵਾ ਅਤੇ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ‘ਆਪ’ ਸਰਕਾਰ ਦੇ ਸਿਰਫ਼ ਪੰਜਾਬ ‘ਚ ਹੀ ਨਹੀਂ, ਸਗੋਂ ਦਿੱਲੀ ‘ਚ ਵੀ ਬੁਰਾ ਹਾਲ ਹੈ।