ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਭ ਤੋਂ ਪਹਿਲਾਂ ਭੁੱਖ ਹੜਤਾਲ ਕਰਨ ਵਾਲੇ ਸੂਰਤ ਸਿੰਘ ਖਾਲਸਾ ਨੂੰ ਆਖਰਕਾਰ ਅੱਠ ਸਾਲਾਂ ਬਾਅਦ ਲੁਧਿਆਣਾ ਦੇ ਦਿਆ ਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਹ ਛੁੱਟੀ ਡਾਕਟਰਾਂ ਨੇ ਇਕ ਪੈਨਲ ਦੀ ਰਿਪੋਰਟ ਆਉਣ ਤੋਂ ਬਾਅਦ ਦਿੱਤੀ ਗਈ ਹੈ। ਉਨ੍ਹਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਐਂਬੂਲੈਂਸ ‘ਚ ਪਿੰਡ ਹਸਨਪੁਰਾ ਪਹੁੰਚਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਘਰ ਬਾਹਰ ਵੀ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਸੂਰਤ ਸਿੰਘ ਖਾਲਸਾ ਕੁਝ ਸਮੇਂ ਬਾਅਦ ਤੈਅ ਕਰਨਗੇ ਕਿ ਉਹ ਮੁਹਾਲੀ ‘ਚ ਬੰਦੀ ਸਿੰਘਾਂ ਲਈ ਲਾਏ ਗਏ ਪੱਕੇ ਮੋਰਚੇ ‘ਤੇ ਜਾਣਗੇ ਜਾਂ ਨਹੀਂ। ਹਾਲਾਂਕਿ ਉਨ੍ਹਾਂ ਦੀ ਸਿਹਤ ‘ਚ ਕਾਫ਼ੀ ਸੁਧਾਰ ਹੈ। ਸੂਰਤ ਸਿੰਘ ਖਾਲਸਾ ਨੇ ਸਭ ਤੋਂ ਪਹਿਲਾਂ 2015 ‘ਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਸੀ। ਉਹ ਭੁੱਖ ਹੜਤਾਲ ‘ਤੇ ਵੀ ਬੈਠੇ ਸਨ। ਇਸ ਦੌਰਾਨ ਉਨ੍ਹਾਂ ਨੂੰ ਕਈ ਵਾਰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਛੁੱਟੀ ਦਿੱਤੀ ਗਈ ਪਰ ਸੂਰਤ ਸਿੰਘ ਖਾਲਸਾ ਦਾ ਅੰਦੋਲਨ ਜਾਰੀ ਰਿਹਾ। ਮੁਹਾਲੀ ‘ਚ ਕੁਝ ਦਿਨ ਪਹਿਲਾਂ ਕੌਮੀ ਇਨਸਾਫ਼ ਮੋਰਚੇ ‘ਚ ਤੈਅ ਕੀਤਾ ਗਿਆ ਸੀ ਕਿ ਸੂਰਤ ਸਿੰਘ ਖਾਲਸਾ ਨੂੰ ਮੋਰਚੇ ‘ਚ ਲਿਆਂਦਾ ਜਾਵੇਗਾ ਪਰ ਉਹ ਹਸਪਤਾਲ ‘ਚ ਦਾਖਲ ਸਨ। ਮੋਰਚੇ ਦੇ ਕੁਝ ਮੈਂਬਰ ਸਾਥੀਆਂ ਸਮੇਤ ਬਾਪੂ ਸੂਰਤ ਸਿੰਘ ਖਾਲਸਾ ਨੂੰ ਮਿਲਣ ਹਸਪਤਾਲ ਪੁੱਜੇ। ਉਸ ਵੇਲੇ ਉਥੇ ਕਾਫ਼ੀ ਹੰਗਾਮਾ ਵੀ ਹੋਇਆ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਡਾਕਟਰਾਂ ਦੀ ਸਲਾਹ ਤੇ ਪ੍ਰਸ਼ਾਸਨ ਨਾਲ ਤਾਲਮੇਲ ਕਰਨ ਤੋਂ ਬਾਅਦ ਹੀ ਸੂਰਤ ਸਿੰਘ ਖਾਲਸਾ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ। ਬਾਕੀ ਪਰਿਵਾਰ ਵਾਲਿਆਂ ਨੇ ਤੈਅ ਕਰਨਾ ਹੈ ਕਿ ਉਹ ਉਨ੍ਹਾਂ ਨੂੰ ਇਨਸਾਫ਼ ਮੋਰਚੇ ‘ਚ ਲਿਜਾਣਗੇ ਜਾਂ ਨਹੀਂ।