ਇੰਡੀਆ ਦੀ ਉੱਭਰਦੀ 18 ਸਾਲਾ ਪਹਿਲਵਾਨ ਅੰਤਿਮ ਪੰਘਾਲ ਨੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ‘ਚ ਜਾਪਾਨ ਦੇ ਅਕਾਰੀ ਫੁਜੀਨਾਮੀ ਤੋਂ ਹਾਰ ਕੇ 53 ਕਿਲੋਗ੍ਰਾਮ ਵਰਗ ‘ਚ ਚਾਂਦੀ ਦਾ ਤਗ਼ਮਾ ਜਿੱਤਿਆ ਜਦੋਂ ਕਿ ਚਾਰ ਹੋਰ ਭਾਰਤੀ ਪਹਿਲਵਾਨਾਂ ਨੇ ਕਾਂਸੀ ਦੇ ਤਗ਼ਮੇ ਜਿੱਤੇ। 19 ਸਾਲਾ ਜਾਪਾਨੀ ਖਿਡਾਰਨ ਨੇ 10-0 ਨਾਲ ਜੇਤੂ ਬਣ ਕੇ ਪਹਿਲੇ ਦੌਰ ਦੇ ਅੰਦਰ ਹੀ ਮੈਚ ਨੂੰ ਖਤਮ ਕਰਨ ਤੋਂ ਪਹਿਲਾਂ 4-0 ਦੀ ਬੜ੍ਹਤ ਬਣਾ ਲਈ। ਪੰਘਾਲ ਲਈ ਇਹ ਵੱਡੀ ਚੁਣੌਤੀ ਸੀ ਕਿਉਂਕਿ ਫੁਜੀਨਾਮੀ ਨੇ 2020 ‘ਚ ਸੀਨੀਅਰ ਪੱਧਰ ‘ਤੇ ਮੁਕਾਬਲਾ ਸ਼ੁਰੂ ਕਰਨ ਤੋਂ ਬਾਅਦ ਸ਼ਾਇਦ ਹੀ ਕੋਈ ਮੁਕਾਬਲਾ ਹਾਰਿਆ ਹੋਵੇ। ਅੰਸ਼ੂ ਮਲਿਕ ਨੂੰ ਜਾਪਾਨ ਦੀ ਸਾਏ ਨਾਂਜੋ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਸੇ ਦੇ ਤਗ਼ਮੇ ਲਈ ਉਸ ਦਾ ਮੁਕਬਾਲਾ ਮੰਗੋਲੀਆ ਦੀ ਈ. ਬੈਟ ਏਰਡੀਨ ਨਾਲ ਹੋਇਆ ਜਿਸ ‘ਤੇ ਉਹ ਸਫ਼ਲ ਰਹੀ। ਪਿਛਲੇ ਸਾਲ ਅੰਡਰ-20 ਵਿਸ਼ਵ ਚੈਂਪੀਅਨ ਬਣਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਅੰਤਿਮ ਪੰਘਾਲ ਨੇ ਆਪਣੇ ਵਿਰੋਧੀਆਂ ਨੂੰ ਆਸਾਨੀ ਨਾਲ ਪਛਾੜ ਦਿੱਤਾ ਅਤੇ ਫਾਈਨਲ ਤੱਕ ਸਿਰਫ਼ ਇਕ ਅੰਕ ਹੀ ਗੁਆਇਆ। ਉਸ ਨੇ ਸੈਮੀਫਾਈਨਲ ‘ਚ ਉਜ਼ਬੇਕਿਸਤਾਨ ਦੀ ਅਕਤੇਂਗੇ ਕਿਊਨਿਮਜਾਏਵਾ ਖ਼ਿਲਾਫ਼ ਚਿਤਾਵਨੀ ਮਿਲਣ ਕਾਰਨ ਇਕ ਅੰਕ ਗੁਆਇਆ ਪਰ ਉਸ ਨੇ ਇਹ ਮੁਕਾਬਲਾ 8-1 ਨਾਲ ਆਪਣੇ ਨਾਮ ਕੀਤਾ। ਸੋਨ ਤਗ਼ਮੇ ਲਈ ਉਸ ਦਾ ਮੁਕਾਬਲਾ ਜਾਪਾਨ ਦੀ ਅਕਾਰੀ ਫੁਜੀਨਾਮੀ ਨਾਲ ਹੋਇਆ ਜਿਸ ‘ਚ ਉਸ ਨੂੰ ਹਾਰ ਦਾ ਸਾਹਮਣਾ ਅਤੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਅੰਸ਼ੂ ਮਲਿਕ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਸੀ ਪਰ ਉਹ ਮੌਜੂਦਾ ਅੰਡਰ-23 ਚੈਂਪੀਅਨ ਖ਼ਿਲਾਫ਼ ਜੂਝਦੀ ਨਜ਼ਰ ਆਈ। ਉਧਰ ਮਨੀਸ਼ਾ (65 ਕਿਲੋ), ਰਿਤਿਕਾ (72 ਕਿਲੋ) ਅਤੇ ਸੋਨਮ ਮਲਿਕ (62 ਕਿਲੋ) ਵੀ ਕਾਂਸੇ ਦੇ ਤਗ਼ਮੇ ਲਈ ਭਿੜੀਆਂ। ਅੰਸ਼ੂ ਮਲਿਕ (57 ਕਿਲੋ), ਸੋਨਮ ਮਲਿਕ (62 ਕਿਲੋ), ਮਨੀਸ਼ਾ (65 ਕਿਲੋ) ਅਤੇ ਰੀਤਿਕਾ (72 ਕਿਲੋ) ਨੇ ਕਾਂਸੀ ਦੇ ਤਗ਼ਮੇ ਜਿੱਤ ਕੇ ਇੰਡੀਆ ਦੇ ਤਗ਼ਮਿਆਂ ਦੀ ਗਿਣਤੀ ‘ਚ ਵਾਧਾ ਕੀਤਾ।