ਖੰਨਾ ਪੁਲੀਸ ਵੱਲੋਂ ਬੇਨਕਾਬ ਕੀਤੇ ਗਏ ਅੰਤਰਰਾਸ਼ਟਰੀ ਗੈਂਗਸਟਰ ਮਾਡਿਊਲ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਐੱਨ.ਆਈ.ਏ. ਵੱਲੋਂ ਕੀਤੀ ਜਾਵੇਗੀ। ਇਸ ਦੇ ਲਈ ਐੱਨ.ਆਈ.ਏ. ਦੀ ਟੀਮ ਸ਼ਨੀਵਾਰ ਸਵੇਰੇ ਖੰਨਾ ਦੇ ਜ਼ਿਲ੍ਹਾ ਪੁਲੀਸ ਮੁਖੀ ਦਫ਼ਤਰ ਪੁੱਜੀ ਜਿੱਥੇ ਟੀਮ ਵੱਲੋਂ ਪੁਲੀਸ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਦੱਸਣਯੋਗ ਹੈ ਕਿ ਖੰਨਾ ਪੁਲੀਸ ਨੇ ਬੱਬਰ ਖ਼ਾਲਸਾ ਦੇ ਗੈਂਗਸਟਰਾਂ ਅੰਮ੍ਰਿਤ ਬੱਲ, ਪ੍ਰਗਟ ਸੇਖੋਂ ਅਤੇ ਜੱਗੂ ਭਗਵਾਨਪੁਰੀਆ ਦੇ 13 ਗੁਰਗਿਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਸੀ। ਇਸ ਮਾਮਲੇ ‘ਚ ਖੰਨਾ ਪੁਲੀਸ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਜੇਲ੍ਹ ਤੋਂ ਲਿਆਉਣ ਦੀ ਤਿਆਰੀ ਕਰ ਰਹੀ ਸੀ ਕਿ ਇਸ ਤੋਂ ਪਹਿਲਾਂ ਐੱਨ.ਆਈ.ਏ. ਨੇ ਇਸ ਅੰਤਰਰਾਸ਼ਟਰੀ ਗੈਂਗਸਟਰ ਮਾਡਿਊਲ ‘ਚ ਐਂਟਰੀ ਕੀਤੀ ਹੈ। ਦਿੱਲੀ ਤੋਂ ਐੱਨ.ਆਈ.ਏ. ਦੇ ਅਧਿਕਾਰੀ ਸ਼ੁੱਕਰਵਾਰ ਨੂੰ ਵੀ ਪਹੁੰਚੇ ਸਨ। ਐੱਨ.ਆਈ.ਏ. ਨੇ ਇਸ ਮਾਮਲੇ ਨਾਲ ਜੁੜੇ ਕਥਿਤ ਮੁਲਜ਼ਮਾਂ ਦਾ ਰਿਕਾਰਡ ਅਤੇ ਫੀਡਬੈਕ ਹਾਸਲ ਕੀਤਾ। ਜਾਣਕਾਰੀ ਅਨੁਸਾਰ ਐੱਨ.ਆਈ.ਏ. ਟੀਮ ਨੇ ਐੱਸ.ਐੱਸ.ਪੀ. ਖੰਨਾ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼, ਉਕਤ ਆਪ੍ਰੇਸ਼ਨ ਦੀ ਅਗਵਾਈ ਕਰ ਰਹੀ ਮਹਿਲਾ ਅਧਿਕਾਰੀ ਐੱਸ.ਪੀ. (ਆਈ) ਡਾ. ਪ੍ਰਗਿਆ ਜੈਨ, ਅਤੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਅਮਨਦੀਪ ਸਿੰਘ ਨਾਲ ਲੰਬੀ ਮੀਟਿੰਗ ਕੀਤੀ ਕਿਉਂਕਿ ਇਹ ਮਾਮਲਾ ਸਿੱਧੇ ਤੌਰ ‘ਤੇ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਟਾਰਗੇਟ ਕਿਲਿੰਗ ਕਰਨੀ ਸੀ। ਇਸ ਕਾਰਨ ਹੁਣ ਐੱਨ.ਆਈ.ਏ. ਆਪਣੇ ਪੱਧਰ ‘ਤੇ ਵੀ ਇਸ ਦੀ ਜਾਂਚ ਕਰੇਗੀ। ਦੂਜੇ ਪਾਸੇ ਇਸ ਮਾਮਲੇ ਦੇ ਮਾਸਟਰਮਾਈਂਡ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਜੇਲ੍ਹ ਤੋਂ ਲਿਆਉਣ ਦੀ ਕਾਗਜ਼ੀ ਕਾਰਵਾਈ ਲਗਭਗ ਪੂਰੀ ਹੋ ਚੁੱਕੀ ਹੈ ਕਿਉਂਕਿ ਜੱਗੂ ਭਗਵਾਨਪੁਰੀਆ ਇੰਨੇ ਕੇਸਾਂ ਨਾਲ ਸਬੰਧਤ ਹੈ ਕਿ ਕਿਸੇ ਨਾ ਕਿਸੇ ਜ਼ਿਲ੍ਹੇ ਦੀ ਪੁਲੀਸ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਂਦੀ ਰਹਿੰਦੀ ਹੈ। ਓਧਰ ਕੌਮੀ ਜਾਂਚ ਏਜੰਸੀ ਨੇ ਲੁਧਿਆਣਾ ਬੰਬ ਧਮਾਕੇ ਦੀ ਜਾਂਚ ਸਬੰਧੀ ਸ੍ਰੀ ਮੁਕਤਸਰ ਸਾਹਿਬ ‘ਚ ਪੰਜਾਬੀ ਤੇ ਲਾਹੌਰੀ ਜੁੱਤੀਆਂ ਬਣਾਉਣ ਵਾਲੇ ਵਪਾਰੀ ਦੇ ਘਰ ਛਾਪਾ ਮਾਰਿਆ। ਜ਼ਿਲ੍ਹਾ ਪੁਲੀਸ ਮੁਖੀ ਨੇ ਇਸ ਛਾਪੇ ਦੀ ਪੁਸ਼ਟੀ ਕੀਤੀ ਹੈ। ਐੱਨ.ਆਈ.ਏ. ਦੇ ਇਕ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਛਾਪਾ ਲੁਧਿਆਣਾ ਬੰਬ ਧਮਾਕੇ ਸਬੰਧੀ ਕੇਸ ‘ਚ ਮਾਰਿਆ ਗਿਆ ਹੈ। ਕੇਂਦਰੀ ਜਾਂਚ ਏਜੰਸੀ ਦੀ ਟੀਮ ਨੇ ਇਥੋਂ ਦੇ ਕੋਟਕਪੂਰਾ ਰੋਡ ਸਥਿਤ ਗੁਰੂ ਅੰਗਦ ਦੇਵ ਨਗਰ ਗਲੀ ਨੰਬਰ 13 ‘ਚ ਸਥਿਤ ਘਰ ‘ਚ ਛਾਪਾ ਮਾਰਿਆ। ਟੀਮ ਸਵੇਰੇ ਲਗਪਗ ਛੇ ਵਜੇ ਘਰ ‘ਚ ਦਾਖ਼ਲ ਹੋਈ ਤੇ ਦੁਪਹਿਰ 12 ਵਜੇ ਤੱਕ ਮੌਜੂਦ ਰਹੀ। ਇਹ ਘਰ ਨਰਿੰਦਰ ਕੁਮਾਰ ਦਾ ਹੈ। ਉਹ ਪੰਜਾਬੀ ਤੇ ਲਾਹੌਰੀ ਜੁੱਤੀਆਂ ਦਾ ਵਪਾਰ ਕਰਦਾ ਹੈ। ਸੂਤਰਾਂ ਨੇ ਦੱਸਿਆ ਕਿ ਐੱਨ.ਆਈ.ਏ. ਦੀ ਟੀਮ ਨਰਿੰਦਰ ਕੁਮਾਰ ਦੇ ਘਰੋਂ ਕੁਝ ਕਾਗਜ਼ਾਤ ਤੇ ਨਕਦੀ ਵੀ ਲੈ ਕੇ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਪਾਰੀ ਦੇ ਤਾਰ ਕਥਿਤ ਤੌਰ ‘ਤੇ ਪਾਕਿਸਤਾਨ ਨਾਲ ਜੁੜੇ ਹੋਏ ਹਨ ਅਤੇ ਹਵਾਲਾ ਕਾਰੋਬਾਰ ‘ਚ ਵੀ ਕਥਿਤ ਹੱਥ ਹੈ।