ਗੈਂਗਸਟਰਾਂ ਦੇ ਕੇਸ ਲੜ ਰਹੇ ਮੁਹਾਲੀ ਦੇ ਵਕੀਲਾਂ, ਮਾਣੂੰਕੇ ਤੇ ਬਹਾਦਰਗੜ੍ਹ ਜੰਡੀਆਂ ਸਣੇ 50 ਥਾਈਂ ਛਾਪੇਮਾਰੀ
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਅੱਜ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ-ਐੱਨ.ਸੀ.ਆਰ. ਸਮੇਤ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਵੇਰਵਿਆਂ ਅਨੁਸਾਰ ਕੇਂਦਰੀ ਜਾਂਚ ਏਜੰਸੀ ਨੇ ਇਕੋ ਦਿਨ 50 ਤੋਂ ਵਧੇਰੇ ਥਾਵਾਂ ‘ਤੇ ਇਹ ਛਾਪੇਮਾਰੀ ਕੀਤੀ। ਇਨ੍ਹਾਂ ‘ਚ ਮੁਹਾਲੀ ਦੇ ਉਹ ਵਕੀਲ ਵੀ ਸ਼ਾਮਲ ਹਨ ਜਿਹੜੇ ਗੈਂਗਸਟਰਾਂ ਦੇ ਕੇਸ ਲੜ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਮੋਗਾ ਜ਼ਿਲ੍ਹਾ ‘ਚ ਪੈਂਦੇ ਪਿੰਡ ਮਾਣੂੰਕੇ ਅਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ‘ਚ ਵੀ ਐੱਨ.ਆਈ.ਏ. ਦੀ ਟੀਮ ਨੇ ਇਕ ਘਰ ‘ਚ ਛਾਪਾ ਮਾਰਿਆ ਹੈ। ਤਹਿਸੀਲ ਰਾਮਪੁਰਾ ਫੂਲ ਦੇ ਪਿੰਡ ਕਰਾੜਵਾਲਾ ‘ਚ ਵੀ ਐੱਨ.ਆਈ.ਏ. ਦੀ ਟੀਮ ਵੱਲੋਂ ਮੰਗਲਵਾਰ ਨੂੰ ਤੜਕਸਾਰ ਜਾਮਣ ਸਿੰਘ ਨਾਂ ਦੇ ਵਿਅਕਤੀ ਦੇ ਘਰ ਰੇਡ ਕੀਤੀ ਗਈ। ਉਸ ਦੇ ਪਰਿਵਾਰਕ ਮੈਂਬਰ ਸਵਰਨਜੀਤ ਕੌਰ ਨੇ ਦੱਸਿਆ ਕਿ ਐੱਨ.ਆਈ.ਏ. ਦੀ ਟੀਮ ਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਜਾਂਦੇ ਹੋਏ ਟੀਮ ਘਰ ਦਾ ਇਕ ਮੋਬਾਈਲ ਫੋਨ ਅਤੇ ਕੈਮਰੇ ਦਾ ਡੀ.ਵੀ.ਆਰ. ਜਾਂਚ ਲਈ ਆਪਣੇ ਨਾਲ ਲੈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੋਈ ਵੀ ਖਾਸ ਗੱਲਬਾਤ ਟੀਮ ਵੱਲੋਂ ਨਹੀਂ ਕੀਤੀ ਗਈ। ਦੂਜੇ ਪਾਸੇ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਮਾਣੂੰਕੇ ‘ਚ ਐੱਨ.ਆਈ.ਏ. ਦੀ ਟੀਮ ਨੇ ਹਰਪ੍ਰੀਤ ਸਿੰਘ ਨਾਂ ਦੇ ਇਕ ਵਿਅਕਤੀ ਦੇ ਘਰ ਦੀ ਤਲਾਸ਼ੀ ਲਈ। ਪੁਲੀਸ ਮੁਤਾਬਕ ਇਸ ਵਿਅਕਤੀ ਖ਼ਿਲਾਫ਼ ਇਕ ਕਤਲ ਦਾ ਮਾਮਲਾ ਪਿਛਲੇ ਸਮੇਂ ਦੌਰਾਨ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਐੱਨ.ਆਈ.ਏ. ਦੀ ਇਕ ਟੀਮ ਨੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਵਿਖੇ ਵੀ ਇਕ ਕਬੱਡੀ ਕੋਚ ਜਗਜੀਤ ਸਿੰਘ ਜੱਗਾ ਦੇ ਘਰ ਦੀ ਤਲਾਸ਼ੀ ਲਈ। ਟੀਮ ਵੱਲੋਂ ਭਾਵੇਂ ਅਧਿਕਾਰਤ ਤੌਰ ਉੱਪਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਛਾਪਿਆਂ ਦੌਰਾਨ ਕਿਸੇ ਪਾਸੇ ਤੋਂ ਵੀ ਕੋਈ ਵੱਡੀ ਬਰਾਮਦਗੀ ਨਹੀਂ ਹੋਈ ਹੈ। ਪਿੰਡ ਬਹਾਦਰਗੜ੍ਹ ਜੰਡੀਆਂ ਦੀ ਸਰਪੰਚ ਜਸਪ੍ਰੀਤ ਕੌਰ ਦੇ ਪਤੀ ਰਣਜੀਤ ਸਿੰਘ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਦੱਸਿਆ ਕਿ ਐੱਨ.ਆਈ.ਏ. ਦੀ ਟੀਮ ਵੱਲੋਂ ਜਗਜੀਤ ਸਿੰਘ ਜੱਗਾ ਦੇ ਘਰ ਹੀ ਛਾਪੇਮਾਰੀ ਕੀਤੀ ਗਈ ਸੀ ਜਿਥੋਂ ਕੁਝ ਵੀ ਬਰਾਮਦ ਨਹੀਂ ਹੋਇਆ ਹੈ। ਰਣਜੀਤ ਸਿੰਘ ਨੇ ਦੱਸਿਆ ਕਿ ਜੱਗਾ ਸਿੰਘ ਪਿੰਡ ‘ਚ ਕਬੱਡੀ ਖਿਡਾਰੀਆਂ ਨੂੰ ਸਿਖਲਾਈ ਦੇਣ ਦਾ ਕੰਮ ਕਰਦਾ ਹੈ ਅਤੇ ਉਹ ਖੁਦ ਵੀ ਇਕ ਕਬੱਡੀ ਖਿਡਾਰੀ ਰਿਹਾ ਹੈ। ਐੱਨ.ਆਈ.ਏ. ਨੇ ਉਨ੍ਹਾਂ ਵਕੀਲਾਂ ਦੇ ਘਰਾਂ ‘ਚ ਵੀ ਦਸਤਕ ਦਿੱਤੀ ਜਿਹੜੇ ਵਕੀਲ ਗੈਂਗਸਟਰਾਂ ਦੇ ਕੇਸ ਲੜ ਰਹੇ ਹਨ। ਜਾਂਚ ਟੀਮ ਸਵੇਰੇ ਕਰੀਬ ਛੇ ਵਜੇ ਐਡਵੋਕੇਟ ਸ਼ੈਲੀ ਸ਼ਰਮਾ ਦੇ ਘਰ ਪਹੁੰਚੀ ਅਤੇ ਮਹਿਲਾ ਵਕੀਲ ਤੋਂ ਕਰੀਬ ਤਿੰਨ ਘੰਟੇ ਪੁੱਛ ਪੜਛਾਲ ਕੀਤੀ। ਟੀਮ ਵਕੀਲ ਦਾ ਮੋਬਾਈਲ ਫੋਨ ਵੀ ਆਪਣੇ ਨਾਲ ਲੈ ਗਈ। ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਜਾਂਚ ਏਜੰਸੀ ਨੇ ਡਰੋਨ ਮਾਮਲੇ ‘ਚ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਸਮੇਤ ਕਈ ਥਾਵਾਂ ‘ਤੇ ਤਲਾਸ਼ੀ ਲਈ ਸੀ। ਇਸ ਮਾਮਲੇ ‘ਚ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਕੇਸ ‘ਚ ਰਾਸ਼ਟਰੀ ਜਾਂਚ ਏਜੰਸੀ ਐੱਨ.ਆਈ.ਏ. ਨੇ ਸਤੰਬਰ ਮਹੀਨੇ ‘ਚ ਵੱਡੀ ਕਾਰਵਾਈ ਕੀਤੀ ਸੀ। ਏਜੰਸੀ ਨੇ ਦੇਸ਼ ਦੇ ਕਈ ਸੂਬਿਆਂ ‘ਚ 60 ਤੋਂ ਵੱਧ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਐੱਨ.ਆਈ.ਏ. ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਸ਼ੱਕੀ ਅੱਤਵਾਦੀ ਗਿਰੋਹ ਦੇ ਸਬੰਧ ‘ਚ ਛਾਪੇਮਾਰੀ ਕੀਤੀ ਗਈ ਸੀ।