ਪ੍ਰਧਾਨ ਮੰਤਰੀ ਮੋਦੀ ਦੀ ਇੰਟਰਵਿਊ ਦੌਰਾਨ ‘ਅੰਬ’ ਖਾਣ ਬਾਰੇ ਸਵਾਲ ਕਰਕੇ ਅਤੇ ਡੇਰਾ ਮੁਖੀ ਦੀ ਮੁਆਫ਼ੀ ਮਾਮਲੇ ‘ਚ ਨਾਂ ਆਉਣ ਸਮੇਂ ਵਿਵਾਦਾਂ ‘ਚ ਰਹੇ ਅਦਾਕਾਰ ਅਕਸ਼ੇ ਕੁਮਾਰ ਨੇ ਕਈ ਸਾਲ ਬਾਅਦ ਅਖੀਰ ਕੈਨੇਡਾ ਦੀ ਨਾਗਰਿਕਤਾ ਛੱਡ ਦਿੱਤੀ ਹੈ। ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰਨ ਵਾਲੇ ਅਕਸ਼ੇ ਕੁਮਾਰ ਦਾ ਕਹਿਣਾ ਹੈ ਕਿ ਇੰਡੀਆ ਉਨ੍ਹਾਂ ਲਈ ਸਭ ਕੁਝ ਹੈ। ਉਨ੍ਹਾਂ ਨੇ ਕੈਨੇਡਾ ਦੀ ਨਾਗਰਿਕਤਾ ਛੱਡ ਕੇ ਮੁੜ ਇੰਡੀਆ ਦੀ ਨਾਗਰਿਕਤਾ ਲੈਣ ਲਈ ਅਪਲਾਈ ਕੀਤਾ ਹੈ। ਅਕਸ਼ੇ ਕੁਮਾਰ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਜਦੋਂ ਲੋਕ ਮੇਰੀ ਕੈਨੇਡਾ ਦੀ ਨਾਗਰਿਕਤਾ ਲੈਣ ਦਾ ਕਾਰਨ ਜਾਣੇ ਬਿਨਾ ਕੁਝ ਵੀ ਕਹਿ ਦਿੰਦੇ ਹਨ ਤਾਂ ਮੈਨੂੰ ਬਹੁਤ ਮਾੜਾ ਲੱਗਦਾ ਹੈ। ਉਨ੍ਹਾਂ ਕੈਨੇਡਾ ਦੀ ਨਾਗਰਿਕਤਾ ਲੈਣ ਦਾ ਕਾਰਨ ਵੀ ਦੱਸਿਆ। ਉਨ੍ਹਾਂ ਕਿਹਾ ਕਿ 15 ਤੋਂ ਜ਼ਿਆਦਾ ਫ਼ਿਲਮਾਂ ਫਲਾਪ ਹੋਣ ‘ਤੇ ਦੋਸਤ ਨੇ ਕੈਨੇਡਾ ਆ ਜਾਣ ਲਈ ਕਿਹਾ ਸੀ। ਦੋਸਤ ਦੀ ਗੱਲ ਮੰਨ ਕੇ ਮੈਂ ਕੈਨੇਡਾ ਦੀ ਨਾਗਰਿਕਤਾ ਲਈ ਸੀ। ਉਨ੍ਹਾਂ ਕਿਹਾ ਕਿ ਇੰਡੀਆ ਮੇਰੇ ਲਈ ਸਭ ਕੁਝ ਹੈ, ਮੈਂ ਜੋ ਕੁਝ ਵੀ ਕਮਾਇਆ ਹੈ, ਜਿਹੜਾ ਕੁਝ ਵੀ ਪਾਇਆ ਹੈ, ਇਥੋਂ ਹੀ ਪਾਇਆ ਹੈ। ਮੈਂ ਖ਼ੁਸ਼ਕਿਸਮਤ ਹਾਂ ਕਿ ਮੈਨੂੰ ਵਾਪਸ ਦੇਣ ਦਾ ਮੌਕਾ ਮਿਲਿਆ ਹੈ। ਬੁਰਾ ਲੱਗਦਾ ਹੈ ਜਦੋਂ ਲੋਕ ਬਿਨਾ ਕੁਝ ਜਾਣੇ ਕੁਝ ਵੀ ਕਹਿ ਦਿੰਦੇ ਹਨ। ਇਸ ਤੋਂ ਇਲਾਵਾ ਅਕਸ਼ੇ ਕੁਮਾਰ ਨੇ ਆਪਣੇ ਕਰੀਅਰ ਦੇ ਉਸ ਦੌਰ ਬਾਰੇ ਵੀ ਦੱਸਿਆ ਜਦੋਂ ਉਨ੍ਹਾਂ ਦੀਆਂ 15 ਤੋਂ ਜ਼ਿਆਦਾ ਫ਼ਿਲਮਾਂ ਫਲਾਪ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਮੈਂ ਸੋਚਿਆ ਕਿ ਮੇਰੀਆਂ ਫ਼ਿਲਮਾਂ ਨਹੀਂ ਚੱਲ ਰਹੀਆਂ। ਕੰਮ ਤਾਂ ਕਰਨਾ ਹੈ, ਮੈਂ ਉਥੇ ਕੰਮ ਲਈ ਗਿਆ ਸੀ। ਮੇਰਾ ਦੋਸਤ ਕੈਨੇਡਾ ‘ਚ ਸੀ ਤੇ ਉਸ ਨੇ ਕਿਹਾ ਕਿ ਇਥੇ ਆ ਜਾ। ਮੈਂ ਅਪਲਾਈ ਕੀਤਾ ਤੇ ਕੈਨੇਡਾ ਦੀ ਨਾਗਰਿਕਤਾ ਲੈ ਲਈ। ਮੇਰੀਆਂ ਬਸ ਦੋ ਫ਼ਿਲਮਾਂ ਰਿਲੀਜ਼ ਹੋਣ ਲਈ ਬਚੀਆਂ ਸਨ ਤੇ ਇਹ ਕਿਸਮਤ ਦੀ ਗੱਲ ਹੈ ਕਿ ਉਹ ਦੋਵੇਂ ਸੁਪਰਹਿੱਟ ਹੋ ਗਈਆਂ।