ਕੁਝ ਪੰਜਾਬੀ ਫਿਲਮਾਂ ‘ਚ ਕੰਮ ਕਰਨ ਵਾਲੇ ਅਦਾਕਾਰ ਕੁਲਜਿੰਦਰ ਸਿੱਧੂ ਤੇ ਉਸ ਦੀ ਪਤਨੀ ਨਿਧੀ ਸਿੱਧੂ ਸਮੇਤ ਦੋ ਹੋਰਨਾਂ ਖ਼ਿਲਾਫ਼ ਅਦਾਲਤ ਨੇ ਧੋਖਾਧੜੀ ਦਾ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਐਨੀਮੇਸ਼ਨ-ਮਲਟੀਮੀਡੀਆ ਕੋਰਸ ਕਰਵਾਉਣ ਦੇ ਨਾਂ ‘ਤੇ ਪਟਿਆਲਾ ਦੇ ਸ਼ਿਵਮ ਮਲਹੋਤਰਾ ਨਾਲ 2.90 ਲੱਖ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਸਬੰਧੀ ਜ਼ਿਲ੍ਹਾ ਅਦਾਲਤ ਨੇ ਸੈਕਟਰ-34 ਥਾਣਾ ਪੁਲੀਸ ਨੂੰ ਕੁਲਜਿੰਦਰ ਸਿੰਘ ਸਿੱਧੂ, ਉ ਦੀ ਪਤਨੀ ਨਿਧੀ ਸਿੱਧੂ ਅਤੇ 2 ਹੋਰ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼ਿਵਮ ਨੇ ਇਨ੍ਹਾਂ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਦੇ ਚਲਦਿਆਂ ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਜ਼ਿਲ੍ਹਾ ਅਦਾਲਤ ਦਾ ਰੁਖ ਕੀਤਾ। ਅਦਾਲਤ ਨੇ ਉਨ੍ਹਾਂ ਦੀ ਸ਼ਿਕਾਇਤ ਨੂੰ ਸਹੀ ਮੰਨਦੇ ਹੋਏ ਪੁਲੀਸ ਨੂੰ ਐੱਫ.ਆਈ.ਆਰ. ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਮਾਮਲੇ ‘ਚ ਕੁਲਜਿੰਦਰ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਦਿਨੇਸ਼ ਸੂਦ ਅਤੇ ਮੋਨਿਕਾ ਸੂਦ ਵੀ ਮੁਲਜ਼ਮ ਹਨ। ਸ਼ਿਵਮ ਨੇ ਸ਼ਿਕਾਇਤ ‘ਚ ਦੱਸਿਆ ਕਿ ਸਾਲ 2012 ‘ਚ ਉਨ੍ਹਾਂ ਨੇ ਓ.ਐਕਸ.ਐੱਲ. ਸਕੂਲ ਆਫ ਮਲਟੀਮੀਡੀਆ ਨਾਲ ਸੰਪਰਕ ਕੀਤਾ। ਇਨ੍ਹਾਂ ਦਾ ਬ੍ਰਾਂਚ ਦਫ਼ਤਰ ਸੈਕਟਰ-34 ਵਿਖੇ ਸਥਿਤ ਹੈ। ਦਫ਼ਤਰ ‘ਚ ਦੱਸਿਆ ਗਿਆ ਕਿ ਗਰੁੱਪ ਯੂ.ਜੀ.ਸੀ. ਤੋਂ ਮਾਨਤਾ ਪ੍ਰਾਪਤ ਹੈ। ਉਨ੍ਹਾਂ ਨੇ ਸ਼ਿਵਮ ਨੂੰ ਬੈਚਲਰ ਇੰਨ ਸਾਇੰਸ (ਐਨੀਮੇਸ਼ਨ ਅਤੇ ਮਲਟੀਮੀਡੀਆ) ਕੋਰਸ ਦੀ ਪੇਸ਼ਕਸ਼ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੂੰ ਮੈਸੂਰ ਸਥਿਤ ਕਰਨਾਟਕਾ ਸਟੇਟ ਓਪਨ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਡਿਗਰੀ ਦਿੱਤੀ ਜਾਵੇਗੀ। ਇਹ ਕੋਰਸ ਤਿੰਨ ਸਾਲ ਦਾ ਸੀ, ਜਿਸ ਲਈ ਸ਼ਿਵਮ ਨੇ 2.90 ਲੱਖ ਜਮਾਂ ਕਰਵਾਏ ਸਨ। ਇੰਸਟੀਚਿਊਟ ਨੇ ਨਾ ਤਾਂ ਉਨ੍ਹਾਂ ਦੀ ਪ੍ਰੀਖਿਆ ਕਰਵਾਈ ਅਤੇ ਨਾ ਹੀ ਡਿਗਰੀ ਜਾਰੀ ਕੀਤੀ। ਸ਼ਿਵਮ ਨੇ ਪਹਿਲਾਂ ਚੰਡੀਗੜ੍ਹ ਕੰਜ਼ਿਊਮਰ ਕਮਿਸ਼ਨ ‘ਚ ਕੇਸ ਫਾਈਲ ਕੀਤਾ ਜਿੱਥੇ ਉਨ੍ਹਾਂ ਦੇ ਹੱਕ ‘ਚ ਫ਼ੈਸਲਾ ਹੋਇਆ। ਕਮਿਸ਼ਨ ਨੇ ਇੰਸਟੀਚਿਊਟ ਨੂੰ 2.90 ਲੱਖ ਰੁਪਏ ਵਾਪਸ ਕਰਨ ਅਤੇ 50 ਹਜ਼ਾਰ ਹਰਜਾਨਾ ਭਰਨ ਦੇ ਨਿਰਦੇਸ਼ ਦਿੱਤੇ ਸਨ ਪਰ ਇਸ ਹੁਕਮ ‘ਤੇ ਫਿਲਹਾਲ ਨੈਸ਼ਨਲ ਕੰਜ਼ਿਊਮਰ ਕਮਿਸ਼ਨ ਨੇ ਰੋਕ ਲਗਾ ਦਿੱਤੀ। ਇਸ ਤੋਂ ਬਾਅਦ ਇੰਸਟੀਚਿਊਟ ਖ਼ਿਲਾਫ਼ ਡੀ.ਜੀ.ਪੀ. ਚੰਡੀਗੜ੍ਹ ਨੂੰ ਸ਼ਿਕਾਇਤ ਦਿੱਤੀ ਗਈ।