ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਨਾਮਜ਼ਦ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਇਕ ਵੀਡੀਓ ‘ਚ ਨਜ਼ਰ ਆਉਣ ਤੋਂ ਬਾਅਦ ਬਲਕੌਰ ਸਿੰਘ ਸਿੱਧੂ ਦਾ ਬਿਆਨ ਵੀ ਸਾਹਮਣੇ ਆਇਆ ਹੈ। ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਵਾਇਰਲ ਵੀਡੀਓ ਦੇਖ ਕੇ ਅਫਸੋਸ ਹੋਇਆ ਅਤੇ ਪੰਜਾਬ ਸਰਕਾਰ ਵੀ ਝੂਠੀ ਸਾਬਤ ਹੁੰਦੀ ਦਿਖਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਕਰਨ ਔਜਲਾ ਦੇ ਪ੍ਰੋਗਰਾਮ ਦੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ‘ਚ ਇਕ ਹੋਰ ਗਾਇਕ ਸ਼ੈਰੀ ਮਾਨ ਤੋਂ ਇਲਾਵਾ ਅਨਮੋਲ ਬਿਸ਼ਨੋਈ ਵੀ ਗਾਣਿਆਂ ‘ਤੇ ਨੱਚਦਾ ਦਿਖਾਈ ਦਿੰਦਾ ਹੈ। ਇਸ ਵੀਡੀਓ ‘ਚ ਕਰਨ ਔਜਲਾ ਤੇ ਸ਼ੈਰੀ ਮਾਨ ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਪੇਸ਼ਕਾਰੀ ਦੇ ਰਹੇ ਹਨ ਜਿੱਥੇ ਉਨ੍ਹਾਂ ਨਾਲ ਅਨਮੋਲ ਬਿਸ਼ਨੋਈ ਨਜ਼ਰ ਆ ਰਿਹਾ ਹੈ। ਵੀਡੀਓ ਵਾਇਰਲ ਹੋਣ ‘ਤੇ ਕਰਨ ਔਜਲਾ ਤੇ ਸ਼ੈਰੀ ਮਾਨ ਨੇ ਸਪੱਸ਼ਟੀਕਰਨ ਦਿੰਦਿਆਂ ਇਹ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਨਹੀਂ ਪਤਾ ਹੁੰਦਾ ਕਿ ਜਿੱਥੇ ਉਨ੍ਹਾਂ ਨੇ ਪੇਸ਼ਕਾਰੀ ਦੇਣੀ ਹੈ ਉਸ ਜਗ੍ਹਾ ਕਿਸ ਨੇ ਆਉਣਾ ਹੈ ਜਾਂ ਕਿਸ ਨੇ ਨਹੀਂ ਆਉਣਾ ਹੈ। ਇਸ ਬਿਆਨ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੀ ਪ੍ਰਤੀਕ੍ਰਿਆ ਵੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਸਾਹਮਣੇ ਆਉਣ ‘ਤੇ ਦੁੱਖ ਹੁੰਦਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਕਿਤੇ ਪ੍ਰੋਗਰਾਮ ਕਰਨਾ ਹੁੰਦਾ ਹੈ। ਉਸ ਤੋਂ ਪਹਿਲਾਂ ਉਸ ਵਿਅਕਤੀ ਦੀ ਕੀ ਇੱਜ਼ਤ ਤੇ ਮਾਣ ਹੈ ਇਹ ਸਭ ਪਤਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਵੀਡੀਓ ਉਨ੍ਹਾਂ ਨੇ ਦੇਖੀ। ਇਹ ਦੇਖਕੇ ਅਫ਼ਸੋਸ ਹੁੰਦਾ ਹੈ। ਸਰਕਾਰ ਵੱਲੋਂ ਜੋ ਵੀ ਦਾਅਵੇ ਕੀਤੇ ਗਏ ਹਨ ਉਹ ਝੂਠੇ ਸਾਬਤ ਹੁੰਦੇ ਹਨ। ਵਿਸ਼ਵਾਸ ਉੱਠ ਰਿਹਾ ਹੈ। ਇਸ ਨਾਲ ਇਨਸਾਫ਼ ਦੀ ਉਮੀਦ ਧੁੰਦਲੀ ਹੁੰਦੀ ਜਾ ਰਹੀ ਹੈ। ਬਲਕੌਰ ਨੇ ਇਹ ਵੀ ਕਿਹਾ ਕਿ ਉਹ ਕਰਨ ਔਜਲਾ ਦਾ ਆਪਣਾ ਪੱਖ ਹੋ ਸਕਦਾ ਹੈ ਪਰ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੇ ਕਿ ਕਲਾਕਾਰ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ। ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਉਹ ਕਰਨ ਔਜਲਾ ਆਪਣੀ ਜਗ੍ਹਾ ਸਹੀ ਹੈ ਕਲਾਕਾਰ ਨੂੰ ਨਹੀਂ ਪਤਾ ਹੁੰਦਾ ਕਿ ਉਸ ਦੇ ਸਾਹਮਣੇ ਕੌਣ ਖੜ੍ਹਾ ਹੈ ਪਰ ਇਹ ਤਾਂ ਪਤਾ ਹੁੰਦਾ ਹੈ ਕਿ ਅਸੀਂ ਪ੍ਰੋਗਰਾਮ ਕਿੱਥੇ ਕਰਨ ਜਾ ਰਹੇ ਹਾਂ। ਯਾਦ ਰਹੇ ਕਿ ਇਹ ਵੀਡੀਓ ਅਮਰੀਕਾ ਦੇ ਬੇਕਰਸਫੀਲਡ ਦੀ ਸੀ ਜਿਥੇ ਰਿਸੈਪਸ਼ਨ ਪ੍ਰੋਗਰਾਮ ‘ਚ ਗਾਇਕ ਕਰਨ ਔਜਲਾ ਆਪਣੇ ਫਨ ਦਾ ਮੁਜ਼ਾਹਰਾ ਕਰਦੇ ਦਿਖਾਈ ਦਿੰਦੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਇਕ ਸਮਾਂ ਅਜਿਹਾ ਵੀ ਸੀ ਜਦੋਂ ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਵਿਚਕਾਰ ਮਤਭੇਦ ਪੈਦਾ ਹੋ ਗਏ ਸਨ ਅਤੇ ਇਹ ਕਾਫੀ ਤਿੱਖੇ ਵੀ ਹੋ ਗਏ ਸਨ।