ਅਮਰੀਕਾ ਦੇ ਸੂਬੇ ਉੱਤਰੀ ਕੈਰੋਲੀਨਾ ‘ਚ ਹਫ਼ਤੇ ਅੰਦਰ ਫਾਇਰਿੰਗ ਦੀ ਦੂਜੀ ਘਟਨਾ ਸਾਹਮਣੇ ਆਈ ਹੈ। ਇਸ ਵਾਰ ਰੇਲੇ ਸ਼ਹਿਰ ‘ਚ ਇਕ ਸ਼ੂਟਰ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਜਿਸ ‘ਚ ਪੁਲੀਸ ਅਧਿਕਾਰੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਗੋਲੀਬਾਰੀ ਮਗਰੋਂ ਇਕ ਘੰਟੇ ਤੱਕ ਚੱਲੀ ਤਲਾਸ਼ੀ ਦੌਰਾਨ ਆਸਪਾਸ ਦੇ ਕਈ ਵਸਨੀਕਾਂ ਨੂੰ ਆਪਣੇ ਘਰਾਂ ‘ਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ। ਉੱਤਰੀ ਕੈਰੋਲੀਨਾ ਦੀ ਪੁਲੀਸ ਨੇ ਦੱਸਿਆ ਕਿ ਸ਼ੱਕੀ ਇਕ ਸਫੈਦ ਨਾਬਾਲਗ ਪੁਰਸ਼ ਹੈ ਅਤੇ ਉਸਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਰੇਲੇ ਦੀ ਮੇਅਰ ਮੈਰੀ-ਐਨ ਬਾਲਡਵਿਨ ਨੇ ਕਿਹਾ ਕਿ ਮਰਨ ਵਾਲਿਆਂ ‘ਚ ਇਕ ਆਫ-ਡਿਊਟੀ ਪੁਲੀਸ ਅਧਿਕਾਰੀ ਵੀ ਸ਼ਾਮਲ ਹੈ। ਰਾਲੇ ਪੁਲੀਸ ਲੈਫਟੀਨੈਂਟ ਜੇਸਨ ਬੋਰਨੀਓ ਨੇ ਦੱਸਿਆ ਕਿ ਗੋਲੀਬਾਰੀ ਦੇ ਕੁਝ ਘੰਟਿਆਂ ਦੇ ਬਾਅਦ ਸ਼ੱਕੀ ਨੂੰ ਰਾਤ 9:37 ਵਜੇ ਦੇ ਕਰੀਬ ਹਿਰਾਸਤ ‘ਚ ਲਿਆ ਗਿਆ। ਉਸਦੀ ਪਛਾਣ ਅਤੇ ਉਮਰ ਜਾਰੀ ਨਹੀਂ ਕੀਤੀ ਗਈ। ਇਸ ਮੰਦਭਾਗੀ ਘਟਨਾ ਨੂੰ ਦੇਖਦੇ ਹੋਏ ਕਾਨੂੰਨ ਲਾਗੂ ਕਰਨ ਵਾਲੀਆਂ ਕਈ ਏਜੰਸੀਆਂ ਦੇ ਅਧਿਕਾਰੀਆਂ ਨੇ ਖੇਤਰ ਨੂੰ ਘੇਰ ਲਿਆ ਸੀ। ਜਦੋਂ ਪੁਲੀਸ ਸ਼ੂਟਰ ਦੀ ਭਾਲ ਕਰ ਰਹੇ ਸਨ ਤਾਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਨਿਵਾਸੀਆਂ ਨੂੰ ਅੰਦਰ ਰਹਿਣ ਦੀ ਚੇਤਾਵਨੀ ਵੀ ਦਿੱਤੀ ਗਈ ਸੀ। ਅਧਿਕਾਰੀਆਂ ਨੇ ਆਖਰਕਾਰ ਸ਼ੱਕੀ ਨੂੰ ਇਕ ਰਿਹਾਇਸ਼ ‘ਚ ਘੇਰਾ ਪਾਇਆ। ਅਧਿਕਾਰੀਆਂ ਨੇ ਕਿਹਾ ਕਿ ਉਸਨੇ ਡਾਊਨਟਾਊਨ ਦੇ ਉੱਤਰ-ਪੂਰਬ ‘ਚ ਇਕ ਰਿਹਾਇਸ਼ੀ ਖੇਤਰ ‘ਚ ਇਕ ਪੈਦਲ ਮਾਰਗ ਦੇ ਨਾਲ ਫਾਇਰਿੰਗ ਕੀਤੀ ਸੀ। ਪੁਲੀਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।