ਅਮਰੀਕਾ ਦੇ ਮੈਮਫਿਸ ‘ਚ ਟਾਇਰ ਨਿਕੋਲਸ ਨੂੰ ਕੁੱਟਣ ਦੀ ਅਮਰੀਕਨ ਪੁਲੀਸ ਦੀਆਂ ਸ਼ੁੱਕਰਵਾਰ ਨੂੰ ਭਿਆਨਕ ਵੀਡੀਓਜ਼ ਫੁਟੇਜ ਜਾਰੀ ਹੋਣ ਤੋਂ ਬਾਅਦ ਅਮਰੀਕਾ ਦੇ ਸ਼ਹਿਰਾਂ ‘ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਜੋ ਹੋਰ ਭੜਕ ਸਕਦੇ ਹਨ। ਪੁਲੀਸ ਵੱਲੋਂ ਕੀਤੀ ਗਈ ਇਸ ਕੁੱਟਮਾਰ ‘ਚ ਨਿਕੋਲਸ ਦੀ ਮੌਤ ਹੋ ਗਈ ਸੀ। ਦਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਮੈਮਫਿਸ ਸ਼ਹਿਰ ਨੇ ਸ਼ੁੱਕਰਵਾਰ ਨੂੰ ਚਾਰ ਵੀਡੀਓ ਜਾਰੀ ਕੀਤੀਆਂ ਜਿਸ ‘ਚ ਪੁਲੀਸ ਅਫ਼ਸਰਾਂ ਨੂੰ 29 ਸਾਲਾ ਗੈਰ ਗੋਰੇ ਵਿਅਕਤੀ ਨਿਕੋਲਸ ਨੂੰ ਲੱਤਾਂ ਮਾਰਦੇ ਅਤੇ ਕੁੱਟਦੇ ਹੋਏ ਦਿਖਾਇਆ ਗਿਆ। ਉਥੇ ਹੀ ਟਾਇਰ ਨਿਕੋਲਸ ਦੀ ਮੌਤ ਦੇ ਮਾਮਲੇ ‘ਚ 5 ਅਫਸਰਾਂ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਪੁਲੀਸ ਦੀ ਕੁੱਟਮਾਰ ਤੋਂ ਬਚਣ ਲਈ ਮ੍ਰਿਤਕ ਟਾਇਰ ਨਿਕੋਲਸ ਭੱਜਣ ਦੀ ਕੋਸ਼ਿਸ਼ ਵੀ ਕਰਦਾ ਹੈ। ਪੁਲੀਸ ਨੇ ਪਹਿਲਾਂ ਤਾਂ ਉਸਨੂੰ ਭੱਜਣ ਦਿੱਤਾ ਪਰ ਫਿਰ ਉਸਨੂੰ ਫੜ ਲਿਆ। ਵੀਡੀਓ ‘ਚ ਉਸ ਨੂੰ ਕਈ ਵਾਰ ਮਾਂ-ਮਾਂ ਚੀਕਦੇ ਹੋਏ ਵੀ ਸੁਣਿਆ ਜਾ ਸਕਦਾ ਹੈ। ਉਹ ਪੁਲੀਸ ਦੇ ਸਾਹਮਣੇ ਬੇਨਤੀ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ -ਮੈਂ ਬਸ ਘਰ ਜਾਣਾ ਚਾਹੁੰਦਾ ਹਾਂ। ਹਾਲਾਂਕਿ ਪੁਲੀਸ ‘ਤੇ ਉਸ ਦੀਆਂ ਬੇਨਤੀਆਂ ਦਾ ਕੋਈ ਅਸਰ ਨਹੀਂ ਹੋਇਆ। ਉਹ ਉਸਨੂੰ ਕੁੱਟਦੇ ਰਹੇ। ਅਫਸਰਾਂ ਨੇ ਉਸ ਨੂੰ ਡੰਡੇ ਅਤੇ ਘਸੁੰਨ-ਮੁੱਕੇ ਮਾਰੇ। ਇਕ ਵੀਡੀਓ ‘ਚ ਅਫਸਰ ਨਿਕੋਲਸ ਦੀ ਕਾਰ ਨੂੰ ਰੋਕਣ ਤੋਂ ਬਾਅਦ ਉਸਨੂੰ ਚੀਕਦੇ ਹੋਏ ਜ਼ਮੀਨ ‘ਤੇ ਲੇਟਣ ਲਈ ਕਹਿੰਦੇ ਹਨ। ਇਸ ਦੌਰਾਨ ਨਿਕੋਲਸ ਕਹਿੰਦਾ ਹੈ ਕਿ ਉਸ ਨੇ ਕੁਝ ਨਹੀਂ ਕੀਤਾ ਹੈ। ਉਦੋਂ ਦੂਜਾ ਪੁਲੀਸ ਮੁਲਾਜ਼ਮ ਉਸ ਨੂੰ ਗਾਲ੍ਹਾਂ ਕੱਢਦੇ ਹੋਏ ਚੁੱਪਚਾਪ ਆਪਣੀ ਪਿੱਠ ਪਿੱਛੇ ਹੱਥ ਰੱਖਣ ਲਈ ਕਹਿੰਦਾ ਹੈ। ਇਸ ਦੇ ਜਵਾਬ ‘ਚ ਨਿਕੋਲਸ ਉਨ੍ਹਾਂ ਨੂੰ ਕਹਿੰਦਾ ਹੈ ਕਿ ਤੁਸੀਂ ਜ਼ਿਆਦਾ ਰੀਐਕਟ ਕਰ ਰਹੇ ਹੋ, ਮੈਂ ਤਾਂ ਘਰ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਦੋਂ ਉਸ ਨੂੰ ਟੇਜ਼ਰ ਬੰਦੂਕ ਨਾਲ ਸ਼ੋਕ ਦਿੱਤਾ ਜਾਂਦਾ ਹੈ। ਦੂਜੀ ਵੀਡੀਓ ‘ਚ ਦੋ ਅਫਸਰ ਨਿਕੋਲਸ ਨੂੰ ਜ਼ਮੀਨ ‘ਤੇ ਫੜ ਕੇ ਰੱਖਦੇ ਹਨ ਜਦੋਂ ਕਿ ਬਾਕੀ 3 ਪੁਲੀਸ ਵਾਲੇ ਉਸ ਨੂੰ ਇਕ-ਇਕ ਕਰਕੇ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਦੇ ਨਜ਼ਰ ਆਏ। ਤੀਜੀ ਅਤੇ ਚੌਥੀ ਵੀਡੀਓ ‘ਚ ਪੁਲੀਸ ਮੁਲਾਜ਼ਮ ਨਿਕੋਲਸ ਨੂੰ ਡੰਡਿਆਂ ਨਾਲ ਕੁੱਟਦੇ ਹਨ। ਉਹ ਮਾਂ-ਮਾਂ ਚੀਕ ਰਿਹਾ ਹੈ ਅਤੇ ਉਸ ਨੂੰ ਜਾਣ ਦੇਣ ਦੀ ਮਿੰਨਤ ਕਰ ਰਿਹਾ ਹੈ। ਜਦਕਿ ਅਫਸਰ ਉਸ ‘ਤੇ ਪੇਪਰ ਸਪਰੇਅ ਦਾ ਛਿੜਕਾਅ ਕਰਦੇ ਰਹੇ। ਦੱਸਦੇਈਏ ਕਿ ਇਹ ਵੀਡੀਓ ਸਾਹਮਣੇ ਆਉਣ ਤੋਂ ਪਹਿਲਾ ਪੁਲੀਸ ਦਾਅਵਾ ਕਰ ਰਹੀ ਸੀ ਕਿ ਨਿਕੋਲਸ ਨੇ ਉਨ੍ਹਾਂ ਤੋਂ ਬੰਦੂਕ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ। ਹਾਲਾਂਕਿ ਜਾਰੀ ਕੀਤੀਆ ਗਈ 4 ਵੀਡੀਓਜ਼ ‘ਚ ਨਿਕੋਲਸ ਕਿਤੇ ਵੀ ਬੰਦੂਕ ਖੋਂਹਦੇ ਨਜ਼ਰ ਨਹੀਂ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਟਾਇਰ ਨਿਕੋਲਸ ਦੀ 10 ਜਨਵਰੀ ਨੂੰ ਮੌਤ ਹੋ ਗਈ ਸੀ। ਉਹ ਤਿੰਨ ਦਿਨ ਲਈ ਹਸਪਤਾਲ ‘ਚ ਵੀ ਦਾਖ਼ਲ ਰਿਹਾ ਸੀ।