ਅਮਰੀਕਾ ਦੀ ਫੈਡਰਲ ਅਪੀਲ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਅਮਰੀਕਨ ਮਰੀਨ ਕੋਰ ‘ਚ ਸਿੱਖ ਦਾੜ੍ਹੀ ਰੱਖ ਸਕਦੇ ਹਨ ਅਤੇ ਦਸਤਾਰ ਸਜਾ ਸਕਦੇ ਹਨ। ਡਿਸਟ੍ਰਿਕਟ ਆਫ ਕੋਲੰਬੀਆ ਦੀ ਫੈਡਰਲ ਅਪੀਲ ਅਦਾਲਤ ਦੇ ਜੱਜਾਂ ਨੇ ਸਿੱਖਾਂ ‘ਤੇ ਅਜਿਹੀ ਪਾਬੰਦੀ ਨੂੰ ਰੱਦ ਕਰਦਿਆਂ ਇਸ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਾਰ ਦਿੱਤਾ। ਇਹ ਫੈਸਲਾ ਤਿੰਨ ਸਿੱਖ ਮਰੀਨ ਕੋਰ ‘ਚ ਭਰਤੀ ਹੋਣ ਤੋਂ ਬਾਅਦ ਆਇਆ ਹੈ। ਅਕਾਸ਼ ਸਿੰਘ, ਜਸਕੀਰਤ ਸਿੰਘ ਅਤੇ ਮਿਲਾਪ ਸਿੰਘ ਚਾਹਲ ਨੇ ਕੋਰ ਦੇ ਨਿਯਮ ਖ਼ਿਲਾਫ਼ ਅਦਾਲਤ ਦਾ ਦਰ ਖੜਕਾਇਆ ਸੀ। ਅਮਰੀਕੀ ਮਰੀਨ ਕੋਰ ‘ਚ ਭਰਤੀ ਸਿੱਖਾਂ ਲਈ ਇਹ ਖ਼ੁਸ਼ੀ ਦੀ ਖ਼ਬਰ ਹੈ। ਸਿੱਖ ਤਿਕੜੀ ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਵਕੀਲ ਐਰਿਕ ਬੈਕਸਟਰ ਨੇ ਟਵੀਟ ਕੀਤਾ, ‘ਹੁਣ, ਤਿੰਨ ਸਿੱਖਾਂ, ਜਿਨ੍ਹਾਂ ਨੂੰ ਪਹਿਲਾਂ ਦਾੜ੍ਹੀ ਰੱਖ ਕੇ ਅਤੇ ਪੱਗ ਬੰਨ੍ਹ ਕੇ ਸਿਖਲਾਈ ‘ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਗਿਆ ਸੀ, ਉਹ ਹੁਣ ਆਪਣੀ ਧਾਰਮਿਕ ਪਛਾਣ ਨਾਲ ਮੁੱਢਲੀ ਸਿਖਲਾਈ ‘ਚ ਸ਼ਾਮਲ ਹੋ ਸਕਦੇ ਹਨ। ਸਿੱਖ ਧਰਮ ‘ਚ ਪੁਰਸ਼ ਪੱਗ ਬੰਨ੍ਹਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਦਾੜ੍ਹੀ ਅਤੇ ਵਾਲ ਕਟਵਾਉਣ ਦੀ ਮਨਾਹੀ ਹੁੰਦੀ ਹੈ। ਮਰੀਨ ਕੋਰ ਨੇ ਪਹਿਲਾਂ ਇਨ੍ਹਾਂ ਸਾਰੀਆਂ ਬੇਨਤੀਆਂ ਤੋਂ ਇਨਕਾਰ ਕਰ ਦਿੱਤਾ ਸੀ।