ਟੈਕਸਾਸ ਸੂਬੇ ‘ਚ ਸ਼ਨੀਵਾਰ ਤੜਕੇ ਸ਼ਕਤੀਸ਼ਾਲੀ ਤੂਫ਼ਾਨ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਤੂਫਾਨ ਨੇ ਕੈਮਰੂਨ ਕਾਉਂਟੀ ‘ਚ ਨੁਕਸਾਨ ਕੀਤਾ। ਕਾਉਂਟੀ ਦੇ ਐਮਰਜੈਂਸੀ ਪ੍ਰਬੰਧਨ ਕੋਆਰਡੀਨੇਟਰ ਟੌਮ ਹੁਸਨ ਨੇ ਕਿਹਾ ਕਿ ਘੱਟੋ-ਘੱਟ 10 ਹੋਰ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਕਈ ਨਿਵਾਸੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਕੈਮਰੂਨ ਕਾਉਂਟੀ ਦੇ ਜੱਜ ਐਡੀ ਟ੍ਰੇਵਿਨੋ ਜੂਨੀਅਰ ਨੇ ਵੀ ਖੇਤਰ ‘ਚ ਰਾਤ ਦਾ ਕਰਫਿਊ ਲਗਾ ਦਿੱਤਾ। ਇਸ ਦੇ ਤਹਿਤ ਜੋ ਲੋਕ ਉਥੇ ਨਹੀਂ ਰਹਿੰਦੇ ਹਨ, ਉਨ੍ਹਾਂ ਦੇ ਲਾਗੁਨਾ ਹਾਈਟਸ ‘ਤੇ ਜਾਣ ‘ਤੇ ਪਾਬੰਦੀ ਹੈ। ਸਵੇਰੇ ਚਾਰ ਵਜੇ ਤੂਫਾਨ ਆਇਆ। ਉਸ ਸਮੇਂ ਲੋਕ ਆਪਣੇ ਘਰਾਂ ‘ਚ ਸੌਂ ਰਹੇ ਸਨ। ਟੈਕਸਾਸ ‘ਚ ਕੈਮਰੂਨ ਕਾਉਂਟੀ ‘ਚ ਸਭ ਤੋਂ ਵੱਧ ਗਰੀਬੀ ਦਰ ਹੈ ਅਤੇ ਉਥੇ ਘਰਾਂ ਦੀ ਹਾਲਤ ਵੀ ਮਾੜੀ ਹੈ। ਟ੍ਰੇਵਿਨੋ ਨੇ ਕਿਹਾ ਕਿ 42 ਸਾਲਾ ਰੌਬਰਟੋ ਫਲੋਰਸ ਦੀ ਮੌਤ ਆਪਣੇ ਮੋਬਾਈਲ ਘਰ ਦੇ ਮਲਬੇ ਹੇਠ ਦੱਬਣ ਕਾਰਨ ਹੋਈ। ਮੌਸਮ ਸੇਵਾ ਦੇ ਅਨੁਸਾਰ ਤੂਫਾਨ ਨੇ 138-177 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਸਨ। ਤੂਫ਼ਾਨ ਕਰੀਬ ਦੋ ਤੋਂ ਚਾਰ ਮਿੰਟ ਤੱਕ ਆਇਆ ਪਰ ਇਸ ਨੇ ਪੂਰੇ ਇਲਾਕੇ ਨੂੰ ਤਬਾਹ ਕਰ ਦਿੱਤਾ।