ਅਫਗਾਨਿਸਤਾਨ ’ਚ ਅਮਰੀਕਨ ਹਵਾਈ ਹਮਲੇ ’ਚ ਅਲ-ਕਾਇਦਾ ਨੇਤਾ ਅਯਮਨ ਅਲ-ਜਵਾਹਿਰੀ ਮਾਰਿਆ ਗਿਆ ਹੈ। ਓਸਾਮਾ ਬਿਨ ਲਾਦੇਨ ਦੇ ਅਮਰੀਕਾ ਵੱਲੋਂ ਕੀਤੀ ਕਾਰਵਾਈ ’ਚ ਮਾਰੇ ਜਾਣ ਤੋਂ ਬਾਅਦ ਜਵਾਹਿਰੀ ਅਲ-ਕਾਇਦਾ ਦਾ ਨੇਤਾ ਬਣ ਗਿਆ ਸੀ। ਲਗਭਗ ਦੋ ਦਹਾਕੇ ਲੰਬੇ ਆਪ੍ਰੇਸ਼ਨ ਤੋਂ ਬਾਅਦ ਅਮਰੀਕੀ ਸੈਨਿਕਾਂ ਦੇ ਅਫਗਾਨਿਸਤਾਨ ਛੱਡਣ ਦੇ 11 ਮਹੀਨੇ ਬਾਅਦ ਅਮਰੀਕਾ ਨੇ ਅੱਤਵਾਦ ਵਿਰੋਧੀ ਇਕ ਮਹੱਤਵਪੂਰਨ ਆਪ੍ਰੇਸ਼ਨ ’ਚ ਇਹ ਸਫਲਤਾ ਹਾਸਲ ਕੀਤੀ ਹੈ। ਕੇਂਦਰੀ ਖੁਫੀਆ ਏਜੰਸੀ ਨੇ ਇਹ ਹਵਾਈ ਹਮਲਾ ਕੀਤਾ। ਮਾਮਲੇ ਨਾਲ ਜੁਡ਼ੇ ਪੰਜ ਲੋਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਹਮਲੇ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਐਲਾਨ ਕੀਤਾ ਕਿ ਜਵਾਹਿਰੀ ਕਾਬੁਲ ’ਚ ਅਮਰੀਕਨ ਡਰੋਨ ਹਮਲੇ ’ਚ ਮਾਰਿਆ ਗਿਆ ਹੈ। ਉਨ੍ਹਾਂ ਨੇ ਇਸ ਨੂੰ ‘ਇਨਸਾਫ’ ਲਈ ਇਕ ਮੁਹਿੰਮ ਦੱਸਿਆ। ਅਲ-ਜਵਾਹਿਰੀ ਇਕ ਸੁਰੱਖਿਅਤ ਘਰ ਦੀ ਬਾਲਕੋਨੀ ’ਚ ਸੀ ਜਦੋਂ ਡਰੋਨ ਨੇ ਉਸ ’ਤੇ ਦੋ ਮਿਜ਼ਾਈਲਾਂ ਦਾਗੀਆਂ। ਹਮਲੇ ਦੌਰਾਨ ਉਸ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਘਰ ’ਚ ਮੌਜੂਦ ਸਨ, ਪਰ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਬਾਇਡਨ ਨੇ ਕਿਹਾ ਕਿ ਉਨ੍ਹਾਂ ਨੇ ਅਲ-ਕਾਇਦਾ ਦੇ ਨੇਤਾ ਖ਼ਿਲਾਫ਼ ਸਟੀਕ ਕਾਰਵਾਈ ਲਈ ਅੰਤਿਮ ਮਨਜ਼ੂਰੀ ਦੇ ਦਿੱਤੀ ਸੀ। ਅਮਰੀਕਨ ਖੁਫੀਆ ਏਜੰਸੀ ਐੱਫ.ਬੀ.ਆਈ. ਨੇ ਆਪਣੀ ਵੈਬਸਾਈਟ ’ਤੇ ਜਵਾਹਿਰੀ ਦੀ ਪ੍ਰੋਫਾਈਲ ਤਸਵੀਰ ਜਾਰੀ ਕੀਤੀ ਹੈ ਜਿਸ ਦੇ ਕੈਪਸ਼ਨ ’ਚ ਲਿਖਿਆ ਹੈ ਕਿ ਖਤਰਨਾਕ ਅੱਤਵਾਦੀ ਮਾਰਿਆ ਗਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਅਲ-ਜਵਾਹਿਰੀ ਨੇ ਅਦਨ ’ਚ ਅਕਤੂਬਰ-2000 ’ਚ ਅਮਰੀਕਨ ਮਰੀਨ ’ਤੇ ਹਮਲੇ ਸਮੇਤ ਹਿੰਸਾ ਦੀਆਂ ਹੋਰ ਕਾਰਵਾਈਆਂ ਵੀ ਕੀਤੀਆਂ। ਇਸ ਹਮਲੇ ’ਚ 17 ਅਮਰੀਕਨ ਮਲਾਹ ਮਾਰੇ ਗਏ ਸਨ। ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ, ‘ਭਾਵੇਂ ਕਿੰਨਾ ਵੀ ਸਮਾਂ ਲੱਗ ਜਾਵੇ, ਚਾਹੇ ਤੁਸੀਂ ਕਿਤੇ ਵੀ ਲੁਕ ਜਾਓ, ਜੇਕਰ ਤੁਸੀਂ ਸਾਡੇ ਲੋਕਾਂ ਲਈ ਖ਼ਤਰਾ ਹੋ ਤਾਂ ਅਸੀਂ ਤੁਹਾਨੂੰ ਅਤੇ ਤੁਹਾਡੇ ਲੋਕਾਂ ਨੂੰ ਲੱਭ ਲਵਾਂਗੇ।’ ਸਾਲ 2011 ’ਚ ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਅਲ-ਜਵਾਹਿਰੀ ਨੇ ਅਲ-ਕਾਇਦਾ ’ਤੇ ਕਬਜ਼ਾ ਕਰ ਲਿਆ। ਉਸ ਨੇ ਅਤੇ ਬਿਨ ਲਾਦੇਨ ਨੇ ਮਿਲ ਕੇ 9/11 ਦੇ ਹਮਲਿਆਂ ਦੀ ਸਾਜ਼ਿਸ਼ ਰਚੀ ਸੀ ਅਤੇ ਉਦੋਂ ਤੋਂ ਉਹ ਅਮਰੀਕਾ ਦੇ ਸਭ ਤੋਂ ਵੱਧ ਲੋਡ਼ੀਂਦੇ ਅੱਤਵਾਦੀਆਂ ’ਚੋਂ ਇਕ ਸੀ।