ਅਮਰੀਕਾ ਦੀ ਆਰ. ਬੋਨੀ ਗੈਬਰੀਅਲ ਨੇ ਮਿਸ ਯੂਨੀਵਰਸ 2022 ਦਾ ਖਿਤਾਬ ਜਿੱਤ ਲਿਆ ਹੈ। 71ਵਾਂ ਮਿਸ ਯੂਨੀਵਰਸ ਮੁਕਾਬਲਾ ਅਮਰੀਕਨ ਰਾਜ ਲੁਈਸਿਆਨਾ ਦੇ ਨਿਊ ਔਰਲੇਨਜ਼ ਸ਼ਹਿਰ ‘ਚ ਆਯੋਜਿਤ ਕੀਤਾ ਗਿਆ ਜਿਥੇ ਮਿਸ ਯੂਨੀਵਰਸ 2022 ਸੁੰਦਰਤਾ ਮੁਕਾਬਲੇ ਦਾ ਐਲਾਨ ਕੀਤਾ ਗਿਆ। ਦੁਨੀਆ ਭਰ ਦੀਆਂ 84 ਮੁਕਾਬਲੇਬਾਜ਼ਾਂ ਨੂੰ ਪਛਾੜ ਕੇ ਆਰ. ਬੋਨੀ ਗੈਬਰੀਅਲ ਨੇ ਇਹ ਤਾਜ ਜਿੱਤਿਆ। ਇਸ ਦੌਰਾਨ ਸਾਬਕਾ ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਉਸ ਨੂੰ ਇਹ ਤਾਜ ਪਹਿਨਾਇਆ। ਵੈਨੇਜ਼ੁਏਲਾ ਦੀ ਅਮਾਂਡਾ ਡੁਡਾਮੇਲ ਨਿਊਮੇਨ, ਅਮਰੀਕਾ ਦੀ ਆਰ. ਬੋਨੀ ਗੈਬਰੀਅਲ ਤੇ ਡੋਮਿਨਿਕਨ ਰੀਪਬਲਿਕ ਦੀ ਏਂਡਰੀਨਾ ਮਾਰਟੀਨੇਜ਼ ਨੂੰ ਇਸ ਲਿਸਟ ‘ਚ ਟਾਪ 3 ਮੁਕਾਬਲੇਬਾਜ਼ਾਂ ਦੀ ਸੂਚੀ ‘ਚ ਜਗ੍ਹਾ ਮਿਲੀ। ਦੂਜੇ ਪਾਸੇ ਇੰਡੀਆ ਦੀ ਨੁਮਾਇੰਦਗੀ ਕਰਨ ਵਾਲੀ ਦਿਵਿਤਾ ਰਾਏ ਨੇ ਟਾਪ 16 ‘ਚ ਥਾਂ ਬਣਾਈ ਪਰ ਉਹ ਟਾਪ 5 ‘ਚੋਂ ਬਾਹਰ ਹੋ ਗਈ। ਮਿਸ ਯੂਨੀਵਰਸ 2022 ਚੁਣੀ ਗਈ ਬੋਨੀ ਗੈਬਰੀਅਲ ਅਮਰੀਕਾ ਦੇ ਟੈਕਸਾਸ ਦੇ ਹਿਊਸਟਨ ਦੀ ਵਸਨੀਕ ਹੈ ਤੇ ਪੇਸ਼ੇ ਤੋਂ ਫੈਸ਼ਨ ਡਿਜ਼ਾਈਨਰ ਹੈ। ਗੈਬਰੀਅਲ ਦੀ ਮਾਂ ਅਮਰੀਕਨ ਹੈ ਤੇ ਉਸ ਦੇ ਪਿਤਾ ਫਿਲੀਪੀਨਜ਼ ਤੋਂ ਹਨ।