ਅਮਰੀਕਾ ਦੀ ਇਕ ਸੰਘੀ ਏਜੰਸੀ ਨੇ ਕਿਹਾ ਕਿ ਵਪਾਰ ਜਾਂ ਸੈਲਾਨੀ ਵੀਜ਼ਾ ਬੀ-1, ਬੀ-2 ‘ਤੇ ਦੇਸ਼ ‘ਚ ਰਹਿਣ ਵਾਲਾ ਵਿਅਕਤੀ ਨਵੀਂ ਨੌਕਰੀ ਲਈ ਅਤੇ ਇੰਟਰਵਿਊ ਵੀ ਦੇ ਸਕਦਾ ਹੈ। ਏਜੰਸੀ ਨੇ ਨਾਲ ਹੀ ਕਿਹਾ ਕਿ ਸੰਭਾਵੀ ਕਰਮਚਾਰੀ ਨੂੰ ਨਵੀਂ ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਵੀਜ਼ਾ ‘ਚ ਤਬਦੀਲੀ ਯਕੀਨੀ ਬਣਾਉਣੀ ਪਵੇਗੀ। ਬੀ-1 ਤੇ ਬੀ-2 ਵੀਜ਼ਾ ਨੂੰ ਆਮ ਤੌਰ ‘ਤੇ ‘ਬੀ ਵੀਜ਼ਾ’ ਵਜੋਂ ਜਾਣਿਆ ਜਾਂਦਾ ਹੈ। ਬੀ-1 ਵੀਜ਼ਾ ਮੁੱਖ ਤੌਰ ‘ਤੇ ਘੱਟ ਸਮੇਂ ਦੀ ਵਪਾਰਕ ਯਾਤਰਾ ਲਈ ਜਾਰੀ ਕੀਤਾ ਜਾਂਦਾ ਹੈ ਜਦਕਿ ਬੀ-2 ਵੀਜ਼ਾ ਮੁੱਖ ਤੌਰ ‘ਤੇ ਸੈਰ-ਸਪਾਟੇ ਦੇ ਮਕਸਦ ਲਈ ਜਾਰੀ ਕੀਤਾ ਜਾਂਦਾ ਹੈ। ਅਮਰੀਕਨ ਨਾਗਰਿਕ ਤੇ ਇਮੀਗ੍ਰੇਸ਼ਨ ਸੇਵਾਵਾਂ ਨੇ ਇੱਕ ਪੱਤਰ ਤੇ ਲੜੀਵਾਰ ਟਵੀਟ ‘ਚ ਕਿਹਾ ਕਿ ਜਦੋਂ ਗੈਰ-ਪ੍ਰਵਾਸੀ ਵਰਕਰ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਹੈ ਤਾਂ ਉਸ ਨੂੰ ਹੋਰ ਬਦਲਾਂ ਬਾਰੇ ਪਤਾ ਨਹੀਂ ਹੁੰਦਾ ਅਤੇ ਕੁਝ ਮਾਮਲਿਆਂ ‘ਚ ਗਲਤ ਢੰਗ ਨਾਲ ਉਹ ਇਹ ਸਮਝ ਲੈਂਦੇ ਹਨ ਕਿ ਉਨ੍ਹਾਂ ਕੋਲ 60 ਦਿਨ ਅੰਦਰ ਦੇਸ਼ ਛੱਡਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ 60 ਦਿਨ ਦੀ ਇਹ ਮਿਆਦ ਰੁਜ਼ਗਾਰ ਖਤਮ ਹੋਣ ਦੇ ਅਗਲੇ ਦਿਨ ਤੋਂ ਸ਼ੁਰੂ ਹੁੰਦੀ ਹੈ। ਜਦੋਂ ਕਿਸੇ ਗੈਰ-ਪ੍ਰਵਾਸੀ ਵਰਕਰ ਦਾ ਰੁਜ਼ਗਾਰ ਸਵੈ-ਇੱਛਾ ਜਾਂ ਬਿਨਾਂ ਇੱਛਾ ਤੋਂ ਖਤਮ ਹੋ ਜਾਂਦਾ ਹੈ ਤਾਂ ਉਹ ਆਮ ਤੌਰ ‘ਤੇ ਅਮਰੀਕਾ ‘ਚ ਅਧਿਕਾਰਤ ਤੌਰ ‘ਤੇ ਰਹਿਣ ਦਾ ਪਾਤਰ ਬਣਨ ਲਈ ਕਈ ਬਦਲ ਅਪਣਾ ਸਕਦਾ ਹੈ।