ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸੱਦੀ ਇਕੱਤਰਤਾ ‘ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ‘ਫਰਾਰ’ ਚੱਲ ਰਹੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਹੈ। ਜਥੇਦਾਰ ਦੇ ਨਾਲ ਹੀ ਸਰਕਾਰ ਨੂੰ ਸੂਬੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀਆਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੋਂ ਵਰਜਿਆ ਹੇ। ਗਿਆਨੀ ਹਰਪ੍ਰੀਤ ਸਿੰਘ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ, ਸਿੱਖਾਂ ਦੀ ਭੂਮਿਕਾ ਤੇ ਪੰਜਾਬੀ ਪੱਤਰਕਾਰੀ ਨੂੰ ਦਰਪੇਸ਼ ਚੁਣੌਤੀਆਂ ਵਿਸ਼ੇ ‘ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੱਦੀ ਵਿਸ਼ੇਸ਼ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ। ਇਹ ਇਕੱਤਰਤਾ ਅਜਿਹੇ ਮੌਕੇ ਹੋਈ ਹੈ ਜਦੋਂ ਸਰਹੱਦੀ ਸੂਬੇ ‘ਚ ਵੱਖਵਾਦੀ ਤਾਕਤਾਂ ਦੇ ਉਭਾਰ, ਤੇ ਖਾਸ ਕਰਕੇ ਅੰਮ੍ਰਿਤਪਾਲ ਸਿੰਘ ਦੀ ਅਗਵਾਈ ‘ਚ ਅਜਨਾਲਾ ਪੁਲੀਸ ਥਾਣੇ ‘ਤੇ ਕੀਤੇ ਹਮਲੇ ਕਰਕੇ ਬਣੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਫ਼ਿਕਰ ਜ਼ਾਹਿਰ ਕੀਤੇ ਜਾ ਰਹੇ ਹਨ। ਜਥੇਦਾਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਕਰਕੇ ਐਤਕੀਂ ਵਿਸਾਖੀ ਤੋਂ ਪਹਿਲਾਂ ਆਮ ਨਾਲੋਂ ਘੱਟ ਸੰਗਤ ਤਖ਼ਤ ਦਮਦਮਾ ਸਾਹਿਬ ਪੁੱਜ ਰਹੀ ਹੈ। ਜਥੇਦਾਰ ਨੇ ਕਿਹਾ, ‘ਹਰ ਸਾਲ ਵਿਸਾਖੀ ਤੋਂ ਪਹਿਲਾਂ 5 ਅਪ੍ਰੈਲ ਤੋਂ ਸੰਗਤਾਂ ਦਾ ਵੱਡਾ ਇਕੱਠ ਨਜ਼ਰ ਆਉਣ ਲੱਗਦਾ ਹੈ, ਪਰ ਮੌਜੂਦਾ ਸਮੇਂ ਸੰਗਤਾਂ ਦੀ ਗਿਣਤੀ ਘੱਟ ਕੇ ਮਹਿਜ਼ 10 ਫੀਸਦ ਰਹਿ ਗਈ ਹੈ। ਜਿਸ ਦੀ ਵਜ੍ਹਾ ਸਰਕਾਰ ਵੱਲੋਂ ਬਣਾਇਆ ਦਹਿਸ਼ਤ ਦਾ ਮਾਹੌਲ ਹੈ।’ ਜਥੇਦਾਰ ਨੇ ਜ਼ੋਰ ਦੇ ਕੇ ਆਖਿਆ, ‘ਮੈਂ ਇਸ ਮੰਚ ਜ਼ਰੀਏ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਸਖ਼ਤੀ ਨੇ ਦਹਿਸ਼ਤ ਦਾ ਮਾਹੌਲ ਬਣਾ ਛੱਡਿਆ ਹੈ ਤੇ ਇਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ।’ ਜਥੇਦਾਰ ਨੇ ਕੁਝ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ, ‘ਪਹਿਲਾਂ ਉਨ੍ਹਾਂ ਕਿਹਾ ਅੰਮ੍ਰਿਤਪਾਲ ਸਿੰਘ ਇਥੇ ਆਤਮ-ਸਮਰਪਣ ਕਰੇਗਾ। ਹੁਣ ਉਹ ਇਹ ਕਹਿਣ ਲੱਗੇ ਹਨ ਕਿ ਉਹ ਵਿਸਾਖੀ ਵਾਲੇ ਦਿਨ ਆਤਮ-ਸਮਰਪਣ ਕਰੇਗਾ। ਉਸ ਦੇ ਨਾਂ ‘ਤੇ ਦਹਿਸ਼ਤ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਨੂੰ ਅਜਿਹੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਸੀ।’ ਜਥੇਦਾਰ ਨੇ ਕਿਹਾ ਕਿ ਜਦੋਂ ਅਜਿਹਾ ਮਾਹੌਲ ਸਿਰਜਿਆ ਜਾਂਦਾ ਹੈ, ਇਹ ਨਾ ਸਿਰਫ਼ ਪੰਜਾਬੀਆਂ ਤੇ ਪੰਜਾਬ ਦੇ ਅਕਸ ਨੂੰ ਬਲਕਿ ਪੰਜਾਬ ਸਰਕਾਰ ਨੂੰ ਵੀ ਢਾਹ ਲਾਉਂਦਾ ਹੈ। ਘੱਟੋ-ਘੱਟ ਆਪਣਾ ਅਕਸ ਤਾਂ ਬਚਾਅ ਲਵੋ।’ ਜਥੇਦਾਰ ਨੇ ਕਿਹਾ ਕਿ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰਕੇ ਉਨ੍ਹਾਂ ਨੂੰ ਡਿਊਟੀ ‘ਤੇ ਪਰਤਣ ਲਈ ਕਿਹਾ ਜਾ ਰਿਹੈ। ਉਨ੍ਹਾਂ ਕਿਹਾ, ‘ਇਨ੍ਹਾਂ ਸਾਰਿਆਂ ਨੂੰ ਦਮਦਮਾ ਸਾਹਿਬ ਭੇਜਿਆ ਜਾ ਰਿਹੈ। ਇਥੇ ਕੀ ਹੋਣ ਜਾ ਰਿਹੈ?’ ਦੱਸਣਾ ਬਣਦਾ ਹੈ ਕਿ ਪੰਜਾਬ ਪੁਲੀਸ ਨੇ ਆਪਣੇ ਸਾਰੇ ਸਟਾਫ਼ ਦੀਆਂ ਛੁੱਟੀਆਂ 14 ਅਪ੍ਰੈਲ ਤੱਕ ਰੱਦ ਕਰ ਦਿੱਤੀਆਂ ਹਨ। ਜਥੇਦਾਰ ਨੇ ਕਿਹਾ ਕਿ ਵਿਸਾਖੀ ਮੌਕੇ 10 ਤੋਂ 15 ਲੱਖ ਦੀ ਗਿਣਤੀ ‘ਚ ਸਿੱਖ ਸੰਗਤਾਂ ਇਥੇ ਇਕੱਤਰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਕੱਢੇ ਝੰਡਾ ਮਾਰਚ ਦੌਰਾਨ ਸ਼ਹਿਰ ਦੇ ਚੱਪੇ ਚੱਪੇ ‘ਤੇ ਪੁਲੀਸ ਤਾਇਨਾਤ ਸੀ, ਖ਼ਤਰਨਾਕ ਹਾਲਾਤ ਦੱਸ ਕੇ ਕੁਝ ਹੋਰ ਹੀ ਤਸਵੀਰ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਹ ਬਹੁਤ ਮੰਦਭਾਗਾ ਹੈ।’