‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਉਨ੍ਹਾਂ ਨੇ ਆਪਣਾ ਜੀਵਨ ਸਾਥੀ ਇੰਗਲੈਂਡ ਦੀ ਰਹਿਣ ਵਾਲੀ ਕਿਰਨਦੀਪ ਕੌਰ ਨੂੰ ਬਣਾਇਆ ਹੈ। ਇਹ ਅਨੰਦ ਕਾਰਜ ਅੰਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ‘ਚ ਹੋਇਆ। ਆਖਰੀ ਸਮੇਂ ‘ਤੇ ਵਿਆਹ ਦੀ ਜਗ੍ਹਾਂ ‘ਚ ਤਬਦੀਲੀ ਕੀਤੀ ਗਈ ਸੀ। ਪਹਿਲਾਂ ਇਹ ਅਨੰਦ ਕਾਰਜ ਜਲੰਧਰ ਜ਼ਿਲ੍ਹੇ ਦੇ ਫ਼ਤਹਿਪੁਰ ਸਥਿਤ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰੂਘਰ ‘ਚ ਹੋਣੇ ਸਨ। ਇਸ ਸਮੇਂ ਅੰਮ੍ਰਿਤਪਾਲ ਆਪਣੇ ਪਿੰਡ ਜੱਲੂਪੁਰ ਖੇੜਾ ‘ਚ ਹੀ ਮੌਜੂਦ ਹਨ। ਵਿਆਹ ਬਹੁਤ ਹੀ ਸਾਦੇ ਢੰਗ ਨਾਲ ਕੀਤਾ ਗਿਆ ਹੈ ਅਤੇ ਵਿਆਹ ਨੂੰ ਮੀਡੀਆ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਲੜਕੀ ਨਾਲ ਅੰਮ੍ਰਿਤਪਾਲ ਸਿੰਘ ਦਾ ਵਿਆਹ ਹੋਇਆ ਹੈ ਉਹ ਜਲੰਧਰ ਦੇ ਪਿੰਡ ਕੁਲਾਰਾਂ ਦੀ ਰਹਿਣ ਵਾਲੀ ਹੈ। ਉਨ੍ਹਾਂ ਦੀ ਅੰਮ੍ਰਿਤਪਾਲ ਨਾਲ ਪੁਰਾਣੀ ਜਾਣ-ਪਛਾਣ ਹੈ। ਇੰਗਲੈਂਡ ਤੋਂ ਆਈ ਕਿਰਨਦੀਪ ਕੌਰ ਦਾ ਪਰਿਵਾਰ ਗੱਡੀਆਂ ਰਾਹੀਂ ਬਾਬਾ ਬਕਾਲਾ ਪਹੁੰਚਿਆ। ਜਿੱਥੇ ਦੋਵਾਂ ਦੇ ਆਨੰਦ ਕਾਰਜ ਬਾਬਾ ਬਕਾਲਾ ਦੇ ਨੇੜਲੇ ਪਿੰਡ ਜੱਲੂਪੁਰ ਖੇੜਾ ਦੇ ਗੁਰੂ ਘਰ ‘ਚ ਹੋਏ। ਇਸ ਵਿਆਹ ਦੀਆਂ ਰਸਮਾਂ ਬਹੁਤ ਹੀ ਸਾਦੇ ਤਰੀਕੇ ਨਾਲ ਕੀਤੀਆਂ ਗਈਆਂ। ਗੁਰੂ ਘਰ ‘ਚ ਕੋਈ ਵਿਸ਼ੇਸ਼ ਟੈਂਟ ਜਾਂ ਫਿਰ ਕੋਈ ਹੋਰ ਸਜਾਵਟ ਨਹੀਂ ਕੀਤੀ ਗਈ। ਹਾਲਾਂਕਿ ਅੰਮ੍ਰਿਤਪਾਲ ਸਿੰਘ ਦੇ ਵਿਆਹ ਦੇ ਬਾਰੇ ਵਿਚ ਸਾਰੀ ਜਾਣਕਾਰੀ ਗੁਪਤ ਰੱਖੀ ਗਈ ਪਰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਵਿਆਹ ਦੇ ਪ੍ਰੋਗਰਾਮ ਲਈ ਬੁਕਿੰਗ ਸਵੇਰੇ ਸੱਤ ਵਜੇ ਤੋਂ ਲੈ ਕੇ ਦੁਪਹਿਰ ਇਕ ਵਜੇ ਤਕ ਲਈ ਕੀਤੀ ਗਈ। ਆਨੰਦ ਕਾਰਜ ਦਾ ਪ੍ਰੋਗਰਾਮ ਅਤੇ ਉਸ ਤੋਂ ਬਾਅਦ ਲੰਗਰ ਦਾ ਪ੍ਰਬੰਧ ਗੁਰੂ ਘਰ ‘ਚ ਵੀ ਕੀਤਾ ਗਿਆ।