‘ਵਾਰਿਸ ਪੰਜਾਬ ਦੇ’ ਫਰਾਰ ਚੱਲ ਰਹੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਪੁਲੀਸ ਨੇ ਰੋਕ ਲਿਆ ਗਿਆ। ਵੇਰਵਿਆਂ ਮੁਤਾਬਕ ਕਿਰਨਦੀਪ ਕੌਰ ਏਅਰਪੋਰਟ ਤੋਂ ਲੰਡਨ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਕਿਰਨਦੀਪ ਦੀ ਫਲਾਈਟ ਦਾ ਸਮਾਂ 1.30 ਸੀ ਅਤੇ ਉਹ ਦੋ ਘੰਟੇ ਪਹਿਲਾਂ 11.30 ਵਜੇ ਏਅਰਪੋਰਟ ‘ਤੇ ਪਹੁੰਚੀ। ਪੁਲੀਸ ਅਧਿਕਾਰੀਆਂ ਨੇ ਕਿਰਨਦੀਪ ਕੌਰ ਨੂੰ ਗ੍ਰਿਫ਼ਤਾਰ ਕਰਨ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਅਤੇ ਦੱਸਿਆ ਕਿ ਉਸ ਕੋਲੋਂ ਪੁੱਛਗਿੱਛ ਜਾਰੀ ਹੈ। ਜ਼ਿਕਰਯੋਗ ਹੈ ਕਿ ਕਿਰਨਦੀਪ ਕੌਰ ਐਨ.ਆਰ.ਆਈ. ਹੈ। ਉਹ ਇੰਗਲੈਂਡ ਦੀ ਰਹਿਣ ਵਾਲੀ ਹੈ। ਅੰਮ੍ਰਿਤਪਾਲ ਨਾਲ ਵਿਆਹ ਕਰਾਉਣ ਲਈ ਪੰਜਾਬ ਆਈ ਸੀ। 28 ਸਾਲਾ ਕਿਰਨਦੀਪ ਅਤੇ ਅੰਮ੍ਰਿਤਪਾਲ ਦਾ ਵਿਆਹ 10 ਫਰਵਰੀ ਨੂੰ ਹੋਇਆ ਸੀ। ਪੁਲੀਸ ਅੰਮ੍ਰਿਤਪਾਲ ਦੀ ਪਤਨੀ ਤੋਂ ਨਾ ਸਿਰਫ ਉਸ ਦੇ ਪਤੀ ਦੇ ਟਿਕਾਣਿਆਂ ਬਾਰੇ ਸਗੋਂ ਉਸ ਦੇ ਕੰਮ ਬਾਰੇ ਵੀ ਪੁੱਛਗਿੱਛ ਕਰ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਏਜੰਸੀਆਂ ਅਤੇ ਪੁਲੀਸ ਕਿਰਨਦੀਪ ਕੌਰ ਨੂੰ ਬੱਬਰ ਖਾਲਸਾ ਦੇ ਸੰਪਰਕ ‘ਚ ਮੰਨ ਕੇ ਵੀ ਜਾਂਚ ਕਰ ਰਹੀ ਹੈ। ਪੰਜਾਬ ਪੁਲੀਸ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਜੋ ਪਿਛਲੇ ਕਈ ਦਿਨਾਂ ਫਰਾਰ ਹੈ। ਭਗੌੜੇ ਅੰਮ੍ਰਿਤਪਾਲ ਸਿੰਘ ਦੇ ਕਈ ਸਾਥੀ ਵੀ ਫੜੇ ਜਾ ਚੁੱਕੇ ਹਨ ਪਰ ਉਹ ਇਕ ਮਹੀਨੇ ਬਾਅਦ ਵੀ ਅਜੇ ਤੱਕ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਕਿਰਨਦੀਪ ਕੌਰ ਨੇ ਫੰਡਿੰਗ ਮੁਹੱਈਆ ਕਰਵਾਉਣ ਦੇ ਦੋਸ਼ਾਂ ਨੂੰ ਨਕਾਰਿਆ ਹੈ। ਬਾਅਦ ‘ਚ ਮਿਲੀ ਜਾਣਕਾਰੀ ਮੁਤਾਬਕ ਕਿਰਨਦੀਪ ਕੌਰ ਪਾਸੋਂ ਏਅਰਪੋਰਟ ‘ਤੇ ਹੀ ਤਿੰਨ ਘੰਟੇ ਤੱਕ ਪੁੱਛ-ਪੜਤਾਲ ਕੀਤੀ ਗਈ। ਉਸ ਨੂੰ ਲੰਡਨ ਜਾਣ ਵਾਲੇ ਜਹਾਜ਼ ‘ਚ ਚੜ੍ਹਨ ਦੀ ਇਜਾਜ਼ਤ ਨਹੀਂ ਮਿਲੀ ਅਤੇ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਏਅਰਪੋਰਟ ਤੋਂ ਵਾਪਸ ਘਰ ਭੇਜ ਦਿੱਤਾ ਗਿਆ।