ਕਈ ਦਿਨਾਂ ਤੋਂ ਫਰਾਰ ਚੱਲ ਰਹੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਨੇੜਲੇ ਸਹਿਯੋਗੀ ਪਪਲਪ੍ਰੀਤ ਸਿੰਘ ਬਾਰੇ ਨਸ਼ਰ ਹੋਈ ਇਕ ਸੀ.ਸੀ.ਟੀ.ਵੀ. ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਫੁਟੇਜ ‘ਚ ਦਿਖਾਇਆ ਗਿਆ ਹੈ ਕਿ ਪਪਲਪ੍ਰੀਤ ਹੁਸ਼ਿਆਰਪੁਰ ਇਲਾਕੇ ਦੇ ਇਕ ਪਿੰਡ ਦੇ ਡੇਰੇ ‘ਚ ਮੌਜੂਦ ਹੈ ਜਦੋਂਕਿ ਪੁਲੀਸ ਵੱਲੋਂ ਹੁਸ਼ਿਆਪੁਰ ਜ਼ਿਲ੍ਹੇ ‘ਚ ਦੋਹਾਂ ਦੀ ਭਾਲ ਕੀਤੀ ਜਾ ਰਹੀ ਹੈ। ਵੇਰਵਿਆਂ ਅਨੁਸਾਰ ਇਹ ਵੀਡੀਓ ਫੁਟੇਜ 29 ਮਾਰਚ ਦੀ ਹੈ ਤੇ ਇਸ ਤੋਂ ਇਕ ਦਿਨ ਪਹਿਲਾਂ ਹੀ ਪੰਜਾਬ ਪੁਲੀਸ ਦੇ ਚੌਕਸੀ ਵਿਭਾਗ ਦੀ ਟੀਮ ਨੇ ਫਗਵਾੜਾ ਤੋਂ ਇਕ ਇਨੋਵਾ ਗੱਡੀ ਦਾ ਪਿੱਛਾ ਕੀਤਾ ਸੀ। ਸ਼ੱਕ ਕੀਤਾ ਗਿਆ ਸੀ ਇਸ ਗੱਡੀ ‘ਚ ਅੰਮ੍ਰਿਤਪਾਲ ਸਿੰਘ ਤੇ ਉਸ ਦਾ ਸਹਿਯੋਗੀ ਪਪਲਪ੍ਰੀਤ ਸਵਾਰ ਸਨ। ਵਾਇਰਲ ਹੋਈ ਫੁਟੇਜ ‘ਚ ਜਿਸ ਡੇਰੇ ਨੂੰ ਦਿਖਾਇਆ ਗਿਆ ਹੈ ਉਹ ਹੁਸ਼ਿਆਰਪੁਰ ਇਲਾਕੇ ਦੇ ਪਿੰਡ ਤਨੌਲੀ ਵਿੱਚ ਸਥਿਤ ਹੈ ਜਿਥੇ ਪੁਲੀਸ ਨੇ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ। ਸੂਤਰਾਂ ਅਨੁਸਾਰ ਡੇਰੇ ਦੀ ਫੁਟੇਜ ‘ਚ ਬੁੱਧਵਾਰ ਸਵੇਰੇ ਪਪਲਪ੍ਰੀਤ ਨੂੰ ਦੇਖਿਆ ਗਿਆ। ਇਸੇ ਦੌਰਾਨ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਅੰਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਹੁਸ਼ਿਆਰਪੁਰ ਇਲਾਕੇ ‘ਚ ਉਸ ਵੇਲੇ ਵੱਖਰੇ ਹੋ ਗਏ ਸਨ ਜਦੋਂ ਪੁਲੀਸ ਉਨ੍ਹਾਂ ਦੀ ਇਨੋਵਾ ਗੱਡੀ ਦਾ ਪਿੱਛਾ ਕਰ ਰਹੀ ਸੀ। ਕਾਬਿਲੇਗੌਰ ਹੈ ਕਿ 18 ਮਾਰਚ ਨੂੰ ਪੁਲੀਸ ਨੇ ਸੰਸਥਾ ‘ਵਾਰਿਸ ਪੰਜਾਬ ਦੇ’ ਖ਼ਿਲਾਫ਼ ਕਾਰਵਾਈ ਆਰੰਭੀ ਸੀ। ਉਸ ਸਮੇਂ ਤੋਂ ਹੀ ਅੰਮ੍ਰਿਤਪਾਲ ਸਿੰਘ ਫਰਾਰ ਹੈ। ਹਾਲ ਹੀ ‘ਚ ਉਸ ਨੇ ਸੋਸ਼ਲ ਮੀਡੀਆ ‘ਤੇ ਦੋ ਵੀਡੀਓਜ਼ ਤੇ ਇਕ ਆਡੀਓ ਨਸ਼ਰ ਕੀਤੀ ਹੈ ਜਿਸ ਤੋਂ ਬਾਅਦ ਵੀ ਪੁਲੀਸ ਅੰਮ੍ਰਿਤਪਾਲ ਸਿੰਘ ਬਾਰੇ ਕੋਈ ਸਰਾਗ਼ ਨਹੀਂ ਲਗਾ ਸਕੀ ਹੈ।