ਅੰਮ੍ਰਿਤਪਾਲ ਸਿੰਘ ਪੰਜਾਬ ‘ਚੋਂ ਫਰਾਰ ਹੋ ਕੇ ਹਰਿਆਣਾ ‘ਚ ਪਹੁੰਚਿਆ ਸੀ ਅਤੇ ਇਸ ਸਬੰਧੀ ਪੁਲੀਸ ਨੇ ਸੀ.ਸੀ.ਟੀ.ਵੀ. ਫੁਟੇਜ ਜਾਰੀ ਕਰਦਿਆਂ ਇਕ ਔਰਤ ਖ਼ਿਲਾਫ਼ ਕਾਰਵਾਈ ਵੀ ਕੀਤੀ ਹੈ। ਇਸੇ ਦੌਰਾਨ ਪੁਲੀਸ ਨੂੰ ਅੰਮ੍ਰਿਤਪਾਲ ਸਿੰਘ ਦੇ ਘਰੋਂ ਉਸ ਦਾ ਪਾਸਪੋਰਟ ਨਹੀਂ ਮਿਲਿਆ। ਪਾਸਪੋਰਟ ਗਾਇਬ ਹੋਣ ਤੋਂ ਪੁਲੀਸ ਨੂੰ ਅੰਮ੍ਰਿਤਪਾਲ ਸਿੰਘ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ ਹੈ ਜਿਸ ਕਰਕੇ ਦੇਸ਼ ਦੇ ਏਅਰਪੋਰਟਾਂ ਨੂੰ ਸੂਚਿਤ ਕੀਤਾ ਗਿਆ ਹੈ। ਇਹ ਸਾਰੀ ਜਾਣਕਾਰੀ ਪੁਲੀਸ ਅਧਿਕਾਰੀਆਂ ਨੇ ਅੱਜ ਮੀਡੀਆ ਨੂੰ ਦਿੱਤੀ। ਕੁਰੂਕਸ਼ੇਤਰ ਸਥਿਤ ਘਰ ਦੇ ਸਾਹਮਣੇ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਹੈ ਜਿੱਥੇ ਅੰਮ੍ਰਿਤਪਾਲ ਸਿੰਘ 19 ਤਰੀਕ ਦੀ ਰਾਤ ਠਹਿਰਿਆ ਸੀ। ਪੰਜਾਬ ਦੇ ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ 19 ਤਰੀਕ ਦੀ ਰਾਤ ਨੂੰ ਇਥੇ ਰਿਹਾ ਅਤੇ ਅਗਲੇ ਦਿਨ ਚਲਾ ਗਿਆ। ਅੰਮ੍ਰਿਤਪਾਲ ਸਿੰਘ ਫਰਾਰ ਹੋਣ ਤੋਂ ਬਾਅਦ 19 ਮਾਰਚ ਨੂੰ ਕੁਰੂਕਸ਼ੇਤਰ ਦੇ ਸ਼ਾਹਾਬਾਦ ਕਸਬੇ ਦੀ ਸਿਧਾਰਥ ਕਾਲੋਨੀ ‘ਚ ਠਹਿਰਿਆ ਸੀ। ਉਹ 22 ਮਾਰਚ ਦੀ ਰਾਤ ਨੂੰ ਹੀ ਇੱਥੋਂ ਰਵਾਨਾ ਹੋਇਆ ਸੀ। ਸੂਚਨਾ ਮਿਲਦੇ ਹੀ ਪੁਲੀਸ ਨੇ ਸਿਧਾਰਥ ਕਾਲੋਨੀ ‘ਚ ਉਸ ਦੇ ਘਰ ‘ਤੇ ਛਾਪਾ ਮਾਰਿਆ। ਹਾਲਾਂਕਿ ਪੁਲੀਸ ਉਸ ਨੂੰ ਨਹੀਂ ਲੱਭ ਸਕੀ। ਇਹ ਘਰ ਲਾਡਵਾ ਐੱਸ.ਡੀ.ਐੱਮ. ਦਫ਼ਤਰ ‘ਚ ਕਲਰਕ ਵਜੋਂ ਕੰਮ ਕਰਦੇ ਹਰਜਿੰਦਰ ਦਾ ਹੈ। ਹਰਜਿੰਦਰ ਨੇ ਬੁੱਧਵਾਰ ਨੂੰ ਹੀ ਪੁਲੀਸ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਇਸ ਤੋਂ ਬਾਅਦ ਐੱਸ.ਟੀ.ਐੱਫ. ਨੇ ਹਰਜਿੰਦਰ ਦੀ ਭੈਣ ਨੂੰ ਆਪਣੀ ਹਿਰਾਸਤ ‘ਚ ਲੈ ਲਿਆ ਹੈ। ਜਦੋਂ ਐੱਸ.ਟੀ.ਐੱਫ. ਨੇ ਘਰ ‘ਤੇ ਛਾਪਾ ਮਾਰਿਆ ਤਾਂ ਹਰਜਿੰਦਰ ਦੀ ਭੈਣ ਬਲਜੀਤ ਕੌਰ ਅਤੇ ਪਿਤਾ ਗੁਰਨਾਮ ਸਿੰਘ ਉਥੇ ਹੀ ਮਿਲੇ। ਸੂਤਰਾਂ ਦੀ ਮੰਨੀਏ ਤਾਂ ਬਲਜੀਤ ਕੌਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਉੱਤਰਾਖੰਡ ਲਈ ਰਵਾਨਾ ਹੋ ਗਿਆ ਹੈ। ਪੰਜਾਬ ਐੱਸ.ਟੀ.ਐੱਫ. ਤਿੰਨਾਂ ਨੂੰ ਆਪਣੇ ਨਾਲ ਪੰਜਾਬ ਲੈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਲਜੀਤ ਕੌਰ ਪਹਿਲਾਂ ਤੋਂ ਹੀ ਅੰਮ੍ਰਿਤਪਾਲ ਸਿੰਘ ਦੇ ਸੰਪਰਕ ‘ਚ ਸੀ। ਹਰਜਿੰਦਰ ਦੇ ਘਰ ਜਿੱਥੇ ਅੰਮ੍ਰਿਤਪਾਲ ਠਹਿਰਿਆ ਸੀ, ਉਥੇ ਕੰਮ ਅਜੇ ਵੀ ਚੱਲ ਰਿਹਾ ਹੈ। ਇਸੇ ਦੌਰਾਨ ਅੰਮ੍ਰਿਤਪਾਲ ਸਿੰਘ ਦਾ ਪਾਸਪੋਰਟ ਉਸ ਦੇ ਘਰੋਂ ਨਹੀਂ ਮਿਲਿਆ। ਵੀਰਵਾਰ ਨੂੰ ਪੁਲੀਸ ਅਧਿਕਾਰੀ ਅੰਮ੍ਰਿਤਪਾਲ ਦੇ ਘਰ ਪੁੱਜੇ ਅਤੇ ਪਰਿਵਾਰਕ ਮੈਂਬਰਾਂ ਤੋਂ ਉਸ ਦਾ ਪਾਸਪੋਰਟ ਮੰਗਿਆ। ਪਰ ਪਰਿਵਾਰ ਨੇ ਦੱਸਿਆ ਕਿ ਉਸ ਦਾ ਪਾਸਪੋਰਟ ਘਰ ਨਹੀਂ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਫਰਾਰ ਹੋਣ ਤੋਂ ਤੁਰੰਤ ਬਾਅਦ ਅੰਮ੍ਰਿਤਪਾਲ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਪਾਸਪੋਰਟ ਕਿਤੇ ਭੇਜ ਦਿੱਤਾ ਸੀ ਤਾਂ ਜੋ ਮੌਕਾ ਮਿਲਦੇ ਹੀ ਪਾਸਪੋਰਟ ਉਸ ਤੱਕ ਪਹੁੰਚ ਜਾਵੇ ਤੇ ਵਿਦੇਸ਼ ਭੱਜ ਸਕੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ 20 ਮਾਰਚ ਤੱਕ ਇੰਟਰਨੈੱਟ ਮੀਡੀਆ ਰਾਹੀਂ ਆਪਣੇ ਪਰਿਵਾਰ ਦੇ ਸੰਪਰਕ ‘ਚ ਸੀ। ਆਈ.ਜੀ. ਸੁਖਚੈਨ ਸਿੰਘ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਦੌਰਾਨ ਅੰਮ੍ਰਿਤਪਾਲ ਦੀ ਨਵੀਂ ਲੋਕੇਸ਼ਨ ਦਾ ਪਤਾ ਲੱਗਾ ਹੈ। ਨਵੀਂ ਲੋਕੇਸ਼ਨ ਮੁਤਾਬਕ ਅੰਮ੍ਰਿਤਪਾਲ ਪੰਜਾਬ ਤੋਂ ਬਾਹਰ ਜਾ ਚੁੱਕਾ ਹੈ। ਅੰਮ੍ਰਿਤਪਾਲ ਦੀ ਨਵੀਂ ਲੋਕੇਸ਼ਨ ਹਰਿਆਣਾ ਦੀ ਮਿਲੀ ਹੈ ਜਿੱਥੇ 19 ਤਾਰੀਖ਼ ਨੂੰ ਅੰਮ੍ਰਿਤਪਾਲ ਹਰਿਆਣਾ ਦੇ ਸ਼ਾਹਬਾਦ ਪਹੁੰਚਿਆ। ਹਰਿਆਣਾ ਪੁਲੀਸ ਅਤੇ ਪੰਜਾਬ ਪੁਲੀਸ ਨੇ ਸਾਂਝੇ ਆਪਰੇਸ਼ਨ ਦੌਰਾਨ ਮਹਿਲਾ ਬਲਜੀਤ ਕੌਰ ਨੂੰ ਹਿਰਾਸਤ ‘ਚ ਲਿਆ ਹੈ, ਜਿਸ ਨੇ ਪੁੱਛਗਿੱਛ ‘ਚ ਖ਼ੁਲਾਸਾ ਕੀਤਾ ਹੈ ਕਿ ਅੰਮ੍ਰਿਤਪਾਲ ਨੇ ਅੱਗੇ ਉੱਤਰਾਖੰਡ ਜਾਣ ਦੀ ਗੱਲ ਕਹੀ ਸੀ। ਉੱਤਰਾਖੰਡ ‘ਚ ਵੀ ਬਾਰਡਰ ਸੀਲ ਕਰ ਦਿੱਤੇ ਗਏ ਹਨ। ਉੱਤਰਾਖੰਡ ਦੇ ਨਾਲ ਲੱਗਦੇ ਨੇਪਾਲ ਬਾਰਡਰ ‘ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੇ ਆਪਣਾ ਹੁਲੀਆ ਨਹੀਂ ਬਦਲਿਆ ਹੈ, ਉਸ ਨੇ ਮੁੱਛਾਂ ਦਾੜੀ ਸੈੱਟ ਕੀਤੀ ਹੋਈ ਹੈ ਅਤੇ ਪੱਗ ਵੀ ਬੰਨ੍ਹੀ ਹੋਈ ਹੈ।