‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੁਲੀਸ ਅਧਿਕਾਰੀ ਹਾਲੇ ਤੱਕ ਫਰਾਰ ਦਰਸਾ ਰਹੇ ਹਨ ਜਦਕਿ ਉਨ੍ਹਾਂ ਦੇ ਗ੍ਰਿਫ਼ਤਾਰ ਹੋਣ ਦੀ ਚਰਚਾ ਵੀ ਜਾਰੀ ਹੈ ਅਤੇ ਲੋਕਾਂ ‘ਚ ਪੂਰੀ ਤਰ੍ਹਾਂ ਭੰਬਲਭੂਸਾ ਪਿਆ ਹੋਇਆ ਹੈ। ਮੁੱਖ ਮੰਤਰੀ ਜਾਂ ਕੋਈ ਹੋਰ ਮੰਤਰੀ ਤੇ ਉੱਚ ਅਧਿਕਾਰੀ ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਕਰ ਰਹੇ। ਨਾ ਤਾਂ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ ਅਤੇ ਨਾ ਹੀ ਗ੍ਰਿਫ਼ਤਾਰ ਨਾ ਕਰਨ ਬਾਰੇ। ਉਂਝ ਜ਼ਿਲ੍ਹਾ ਪੱਧਰ ਦੇ ਪੁਲੀਸ ਅਧਿਕਾਰੀ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਦਾ ਦਾਅਵਾ ਕਰਦੇ ਹਨ। ਪੰਜਾਬ ਪੁਲੀਸ ਦੇ ਆਈ.ਜੀ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਖਾਲਿਸਤਾਨ ਹਮਦਰਦ ਅਤੇ ‘ਵਾਰਿਸ ਪੰਜਾਬ ਦੇ’ ਦਾ ਮੁਖੀ ਅੰਮ੍ਰਿਤਪਾਲ ਸਿੰਘ ਹਾਲੇ ਤੱਕ ਫ਼ਰਾਰ ਹੈ। ਇਸ ਦੌਰਾਨ ਵੱਡੀ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤੇ ਪੰਜ ਵਿਅਕਤੀਆਂ ‘ਤੇ ਕੌਮੀ ਸੁਰੱਖਿਆ ਕਾਨੂੰਨ (ਐੱਨ.ਐੱਸ.ਏ.) ਦੀ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਚਾਰਾਂ ਸਮੇਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਪੰਜਵਾਂ ਵਿਅਕਤੀ ਹਰਜੀਤ ਸਿੰਘ ਹੈ, ਜੋ ਅੰਮ੍ਰਿਤਪਾਲ ਦਾ ਨਜ਼ਦੀਕੀ ਰਿਸ਼ਤੇਦਾਰ ਹੈ। ਆਈ.ਜੀ. ਨੇ ਕਿਹਾ ਕਿ ਗ੍ਰਿਫ਼ਤਾਰੀ ਤੋਂ ਬਾਅਦ ਅੰਮ੍ਰਿਤਪਾਲ ਖ਼ਿਲਾਫ਼ ਵੀ ਐੱਨ.ਐੱਸ.ਏ. ਤਹਿਤ ਕੇਸ ਦਰਜ ਹੋਣ ਦੀ ਸੰਭਾਵਨਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀ.ਐੱਸ.ਐੱਫ. ਅਤੇ ਸਸ਼ਤਰ ਸੀਮਾ ਬਲ ਦੇ ਡਾਇਰੈਕਟਰ ਜਨਰਲਾਂ ਨੂੰ ਨਿਰਦੇਸ਼ ਭੇਜੇ ਹਨ ਕਿ ਉਹ ਸਰਹੱਦੀ ਖੇਤਰਾਂ ‘ਚ ਆਪਣੇ ਨੀਮ ਫ਼ੌਜੀ ਬਲਾਂ ਨੂੰ ਹਾਈ ਅਲਰਟ ‘ਤੇ ਰੱਖਣ ਕਿਉਂਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੰਤਰਰਾਸ਼ਟਰੀ ਏਅਰਪੋਰਟਾਂ ‘ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵੀ ਹਾਈ ਅਲਰਟ ‘ਤੇ ਰਹਿਣ ਲਈ ਕਿਹਾ ਗਿਆ ਹੈ। ਇਨ੍ਹਾਂ ਦੋਵੇਂ ਨੀਮ ਫੌਜੀ ਬਲਾਂ ਨੇ ਪਹਿਲਾਂ ਹੀ ਅੰਮ੍ਰਿਤਪਾਲ ਦੀਆਂ ਦੋ ਤਸਵੀਰਾਂ ਸਮੇਤ ਸਾਰੀ ਸੂਚਨਾ ਆਪਣੇ ਖੇਤਰੀ ਯੂਨਿਟਾਂ ਨੂੰ ਭੇਜ ਦਿੱਤੀਆਂ ਹਨ। ਪੰਜਾਬ ਪੁਲੀਸ ਵੱਲੋਂ ਅੰਮ੍ਰਿਤਪਾਲ ਨੂੰ ‘ਭਗੌੜਾ’ ਐਲਾਨੇ ਜਾਣ ਦੇ ਮੱਦੇਨਜ਼ਰ ਖੁਫੀਆ ਏਜੰਸੀਆਂ ਨੂੰ ਲੱਗਦਾ ਹੈ ਕਿ ਉਹ ਭਾਰਤ-ਨੇਪਾਲ ਸਰਹੱਦ ਜਾਂ ਪੰਜਾਬ ‘ਚ ਕੌਮਾਂਤਰੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਇਸੇ ਦੌਰਾਨ ਸਰਕਾਰ ਅਤੇ ਪ੍ਰਸ਼ਾਸਨ ਨੇ ਇਕ ਹੋਰ ਵਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਦੇਸ਼ ਖ਼ਿਲਾਫ ਆਨੰਦਪੁਰ ਖਾਲਸਾ ਫੋਰਸ (ਏ.ਕੇ.ਐੱਫ.) ਦੇ ਨਾਂ ਹੇਠ ਹਥਿਆਰਬੰਦ ਫ਼ੌਜ ਤਿਆਰ ਕਰ ਰਿਹਾ ਸੀ। ਇਸ ਤਹਿਤ ਉਹ ਹਥਿਆਰ ਰੱਖਣ ਵਾਲੇ ਲੋਕਾਂ ਤੇ ਨਿਹੰਗਾਂ ਨੂੰ ਭਰਤੀ ਕਰ ਰਿਹਾ ਸੀ। ਭਾਵੇਂ ਹਥਿਆਰ ਨਾਜਾਇਜ਼ ਹੋਣ ਜਾਂ ਫਿਰ ਜਾਇਜ਼। ਪੁਲੀਸ ਨੇ ਅੰਮ੍ਰਿਤਪਾਲ ਦੇ ਪਿੰਡ ਜੱਲੂਪੁਰ ਖੇੜਾ ਦੇ ਇਕ ਖਾਲੀ ਮਕਾਨ ਤੋਂ ਏ.ਕੇ.ਐੱਫ. ਲਿਖੀ ਬੁਲੇਟ ਪਰੂਫ਼ ਜੈਕਟਾਂ ਬਰਾਮਦ ਕੀਤੀਆਂ ਹਨ। ਏਨਾ ਹੀ ਨਹੀਂ ਅੰਮ੍ਰਿਤਪਾਲ ਦੇ ਘਰ ਦੇ ਗੇਟ ‘ਤੇ ਅਤੇ ਸ਼ਨਿਚਰਵਾਰ ਨੂੰ ਉਸ ਦੇ ਸਾਥੀਆਂ ਕੋਲੋਂ ਬਰਾਮਦ ਕੀਤੇ ਗਏ ਹਥਿਆਰਾਂ ‘ਤੇ ਵੀ ਏ.ਕੇ.ਐੱਫ. ਲਿਖਿਆ ਹੋਇਆ ਮਿਲਿਆ ਹੈ। ਹੁਣ ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਬੁਲੇਟ ਪਰੂਫ ਜੈਕੇਟਾਂ ਅੰਮ੍ਰਿਤਪਾਲ ਨੇ ਖ਼ੁਦ ਕਿੱਥੋਂ ਤਿਆਰ ਕਰਵਾਈਆਂ ਸਨ ਜਾਂ ਉਨ੍ਹਾਂ ਨੂੰ ਵਿਦੇਸ਼ ਤੋਂ ਭੇਜੀਆਂ ਗਈਆਂ ਹਨ। ਹਾਲਾਂਕਿ ਕੋਈ ਪੁਲੀਸ ਅਧਿਕਾਰੀ ਇਸ ਸਬੰਧੀ ਅਧਿਕਾਰਤ ਪੁਸ਼ਟੀ ਨਹੀਂ ਕਰ ਰਿਹਾ ਪਰ ਇਕ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਟਿਕਾਣੇ ਤੋਂ ਪੁਲੀਸ ਨੇ ਕੁਝ ਰਿਕਾਰਡ ਵੀ ਜ਼ਬਤ ਕੀਤਾ ਹੈ।