ਇਕ ਪਾਸੇ ਅੰਮ੍ਰਿਤਸਰ ਤੋਂ ਹੀਥਰੋ ਹੋ ਕੇ ਜਾਂਦੀ ਫਲਾਈਟ ਨੂੰ 25 ਮਾਰਚ ਤੋਂ ਬੰਦ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ। ਪੰਜਾਬ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਨਹੀਂ ਹਨ ਅਤੇ ਪਿਛਲੇ ਕੁਝ ਸਾਲਾਂ ਤੋਂ ਇਹ ਮੰਗ ਲਗਾਤਾਰ ਜ਼ੋਰ ਫੜ ਰਹੀ ਹੈ। ਕੈਨੇਡਾ ਦੀ ਪਾਰਲੀਮੈਂਟ ‘ਚ ਵੀ ਇਹ ਮੁੱਦਾ ਉੱਠ ਚੁੱਕਿਆ ਹੈ। ਇਸ ਤੋਂ ਇਲਾਵਾ ਕਈ ਜਥੇਬੰਦੀਆਂ ਵੀ ਇਸ ਦੀ ਪੈਰਵਾਈ ਕਰਦੀਆਂ ਆ ਰਹੀਆਂ ਹਨ। ਵੇਰਵਿਆਂ ਮੁਤਾਬਕ ਅੰਮ੍ਰਿਤਸਰ ਤੋਂ ਵਾਇਆ ਹੀਥਰੋ, ਕੈਨੇਡਾ ਜਾਣ ਵਾਲੇ ਭਾਰਤੀ ਯਾਤਰੂਆਂ ਨੂੰ ਉਸ ਵੇਲੇ ਭਾਰੀ ਨਿਰਾਸ਼ਾ ਮਿਲੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਨਗਰੀ ਅੰਮ੍ਰਿਤਸਰ ਤੋਂ ਇਹ ਫਲਾਈਟ 25 ਮਾਰਚ 2023 ਤੋਂ ਬੰਦ ਹੋ ਰਹੀ ਹੈ ਅਤੇ ਇਸ ਦੇ ਬਦਲਵੇਂ ਰੂਪ ‘ਚ ਇਹ ਫਲਾਈਟ ਇੰਗਲੈਂਡ ਦੇ ਗੈਟਟਿਕ ਤੱਕ ਸੀਮਤ ਕਰ ਦਿੱਤੀ ਗਈ ਹੈ। ਜਿਥੋਂ ਕਿ ਕੈਨੇਡਾ ਦੇ ਕਿਸੇ ਮੁੱਖ ਸ਼ਹਿਰ ‘ਚ ਜਾਣ ਲਈ ਵਾਪਸ ਫਿਰ ਹੀਥਰੋ ਏਅਰਪੋਰਟ ‘ਤੇ ਪਹੁੰਚਣਾ ਪਵੇਗਾ। ਇਸ ਸਬੰਧੀ ਫਲਾਈ ਇਨੀਟੇਟਿਵ ਗਲੋਬਲ ਦੇ ਕਨਵੀਨਰ ਸੰਮੀਪ ਸਿੰਘ ਗੁੰਮਟਾਲਾ ਨੇ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀਆਂ ਵੱਲੋਂ ਕੈਨੇਡਾ ਅੰਮ੍ਰਿਤਸਰ ਤੋਂ ਵਧੇਰੇ ਫਲਾਈਟਾਂ ਦੀ ਮੰਗ ਕੀਤੀ ਜਾਂਦੀ ਹੈ। ਇਸ ਸਬੰਧੀ ਭਾਰਤੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਰਾਘਵ ਚੱਢਾ ਅਤੇ ਵਿਕਰਮ ਸਾਹਨੀ ਵੱਲੋਂ ਟਵੀਟ ਕਰ ਕੇ ਲੋਕਾਂ ਨੂੰ ਲਾਲੀਪਾਪ ਦਿੱਤਾ ਜਾਂਦਾ ਰਿਹਾ ਹੈ ਕਿ ਅੰਮ੍ਰਿਤਸਰ ਤੋਂ ਕੈਨੇਡਾ ਲਈ ਜਲਦੀ ਹੀ ਹੋਰ ਵਧੇਰੇ ਫਲਾਈਟਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਪਰ ਇਸ ਦੇ ਉਲਟ ਕੈਨੇਡਾ ਭਾਰਤ ਸਰਕਾਰਾਂ ਵਿਚਕਾਰ ਨਵੰਬਰ 2022 ‘ਚ ਹੋਰ ਵਧੇਰੇ ਫਲਾਈਟਾਂ ਕੈਨੇਡਾ ਤੋਂ ਬੈਂਗਲੁਰੂ, ਚੇਨਈ, ਦਿੱਲੀ, ਹੈਦਰਾਬਾਦ, ਕੋਲਕਾਤਾ ਤੱਕ ਚਲਾਉਣ ਤੇ ਬਦਲ ‘ਚ ਇਨ੍ਹਾਂ ਸ਼ਹਿਰਾਂ ਤੋਂ ਟੋਰਾਂਟੋ, ਮੋਨਟਰੀਅਲ ਐਡਮਿੰਟਨ, ਵੈਨਕੂਰ ਦੀ ਫਲਾਈਟਾਂ ਚਲਾਉਣ ਦਾ ਕੈਨੇਡਾ ਭਾਰਤ ਸਰਕਾਰ ‘ਚ ਸਮਝੌਤਾ ਕੀਤਾ ਗਿਆ। ਉਸ ਵੇਲੇ ਪੰਜਾਬੀਆਂ ਨੂੰ ਇਹ ਮਹਿਸੂਸ ਹੋਇਆ ਕਿ ਭਾਰਤੀ ਮੈਂਬਰ ਪਾਰਲੀਮੈਂਟ ਉਨ੍ਹਾਂ ਨੂੰ ਹਨ੍ਹੇਰੇ ‘ਚ ਰੱਖ ਕੇ ਝੂਠੀ ਵਾਹ-ਵਾਹ ਖੱਟ ਰਹੇ ਹਨ।
ਓਧਰ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਪਾਸੋਂ ਮੰਗ ਕੀਤੀ ਕਿ ਅੰਮ੍ਰਿਤਸਰ ਅਤੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ (ਮੁਹਾਲੀ) ਦੋਵਾਂ ਨੂੰ ਕੈਨੇਡਾ ਅਤੇ ਅਮਰੀਕਾ ਦੇ ਸ਼ਹਿਰਾਂ ਨਿਊਯਾਰਕ, ਲਾਸ ਏਂਜਲਸ, ਸ਼ਿਕਾਗੋ, ਸਿਆਟਲ ਅਤੇ ਸਾਨ ਫਰਾਂਸਿਸਕੋ ਆਦਿ ਲਈ ਸਿੱਧੀਆਂ ਹਵਾਈ ਉਡਾਣਾਂ ਲਈ ਪ੍ਰਮੁੱਖਤਾ ਨਾਲ ਸ਼ੁਮਾਰ ਕੀਤਾ ਜਾਵੇ, ਜਿਸ ਨਾਲ ਦੋਵਾਂ ਪਾਸਿਆਂ ਦੇ ਵੱਡੀ ਗਿਣਤੀ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਦੱਸਿਆ ਕਿ ਵੱਡੀ ਗਿਣਤੀ ‘ਚ ਪੰਜਾਬੀ ਅਤੇ ਓਵਰਸੀਜ਼ ਸਿਟੀਜ਼ਨਸ਼ਿਪ ਆਫ਼ ਇੰਡੀਆ ਕਾਰਡ ਧਾਰਕ ਲੰਮੇ ਸਮੇਂ ਤੋਂ ਕੈਨੇਡਾ ਅਤੇ ਅਮਰੀਕਾ ‘ਚ ਰਹਿ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਦੀ ਤਰਫੋਂ ਅਪੀਲ ਕੀਤੀ ਕਿ ਅੰਮ੍ਰਿਤਸਰ ਅਤੇ ਮੁਹਾਲੀ ਵਿਖੇ ਸਥਿਤ ਏਅਰਪੋਰਟਾਂ ਨੂੰ ਕੈਨੇਡਾ ਅਤੇ ਅਮੀਰੀਕਨ ਸ਼ਹਿਰਾਂ ਨਿਊਯਾਰਕ, ਲਾਸ ਏਂਜਲਸ, ਸ਼ਿਕਾਗੋ, ਸਿਆਟਲ ਅਤੇ ਸਾਨ ਫਰਾਂਸਿਸਕੋ, ਟੋਰਾਂਟੋ ਤੇ ਵੈਨਕੂਵਰ ਆਦਿ ਲਈ ਸਿੱਧੀਆਂ ਹਵਾਈ ਉਡਾਣਾਂ ਲਈ ਸ਼ਾਮਲ ਕਰਕੇ ਇਨ੍ਹਾਂ ਮੁਲਕਾਂ ‘ਚ ਰਹਿੰਦੇ ਪ੍ਰਵਾਸੀ ਪੰਜਾਬੀਆਂ ਦੀ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਸਿੰਧੀਆ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਲੰਘੇ ਵਰ੍ਹੇ ਦਸੰਬਰ ‘ਚ ਕਰਵਾਏ ਗਏ ਐਨ.ਆਰ.ਆਈ. ਸੰਮੇਲਨਾਂ ਦੌਰਾਨ ਇਨ੍ਹਾਂ ਮੁਲਕਾਂ ‘ਚ ਵਸਦੇ ਪੰਜਾਬੀਆਂ ਦੁਆਰਾ ਇਹ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਵਾਏ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਅਤੇ ਕੈਨੇਡਾ ਦਰਮਿਆਨ ਸਿੱਧਾ ਹਵਾਈ ਸੰਪਰਕ ਮੁਹੱਈਆ ਕਰਵਾਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਕੈਨੇਡੀਅਨ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਦਾ ਪ੍ਰਬੰਧ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਅੰਮ੍ਰਿਤਸਰ ਅਤੇ ਕੈਨੇਡਾ ਦੇ ਸ਼ਹਿਰਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਮੰਜ਼ਿਲਾਂ ‘ਤੇ ਪਹੁੰਚਣ ਲਈ ਨਵੀਂ ਦਿੱਲੀ ਜਾਂ ਭਾਰਤ ਦੇ ਹੋਰ ਸ਼ਹਿਰਾਂ ‘ਚ ਜਾਣਾ ਪੈਂਦਾ ਹੈ। ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਅੰਮ੍ਰਿਤਸਰ ਤੋਂ ਯਾਤਰੀਆਂ ਦੀ ਕਾਫੀ ਗਿਣਤੀ ਹੈ, ਧਾਲੀਵਾਲ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦਰਮਿਆਨ ਹਾਲ ਹੀ ‘ਚ ਹੋਏ ਦੁਵੱਲੇ ਹਵਾਈ ਸੇਵਾ ਸਮਝੌਤੇ ‘ਚ ਹੋਰ ਭਾਰਤੀ ਸ਼ਹਿਰ ਵੀ ਸ਼ਾਮਲ ਹਨ ਪਰ ਸਿੱਧੀਆਂ ਉਡਾਣਾਂ ਲਈ ਸ਼ਹਿਰਾਂ ਦੀ ਸੂਚੀ ‘ਚ ਅੰਮ੍ਰਿਤਸਰ ਨੂੰ ਸ਼ਾਮਲ ਨਹੀਂ ਕੀਤਾ ਗਿਆ।
ਅੰਮ੍ਰਿਤਸਰ-ਕੈਨੇਡਾ ਫਲਾਈਟ ਬੰਦ ਕਰਨ ਦੀ ਤਿਆਰੀ, ਹੋਰ ਸਿੱਧੀਆਂ ਫਲਾਈਟਾਂ ਸ਼ੁਰੂ ਕਰਨ ਦੀ ਮੰਗ
Related Posts
Add A Comment