ਕਾਮਨਵੈਲਥ ਗੇਮਜ਼ ’ਚ ਇੰਡੀਆ ਦੀ ਝੋਲੀ ’ਚ 14ਵਾਂ ਤਗ਼ਮਾ ਆਇਆ ਹੈ ਜੋ ਅੰਮ੍ਰਿਤਸਰ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਵੇਟਲਿਫਟਿੰਗ ’ਚ ਪੁਰਸ਼ਾਂ ਦੀ 109 ਕਿਲੋਗ੍ਰਾਮ ਕੈਟੇਗਰੀ ’ਚ ਇੰਡੀਆ ਨੂੰ ਕਾਂਸੀ ਦਾ ਤਗ਼ਮਾ ਜਿਤਾਇਆ ਹੈ। ਲਵਪ੍ਰੀਤ ਨੇ ਸਨੈਚ ’ਚ 163 ਕਿਲੋਗ੍ਰਾਮ ਭਾਰ ਅਤੇ ਕਲੀਨ ਐਂਡ ਜਰਕ ’ਚ 192 ਕਿਲੋਗ੍ਰਾਮ ਭਾਰ ਚੁੱਕ ਕੇ ਕੁੱਲ 355 ਕਿਲੋਗ੍ਰਾਮ ਭਾਰ ਚੁੱਕਿਆ। ਉਸ ਨੇ ਕਲੀਨ ਐਂਡ ਜਰਕ ਦਾ ਨਵਾਂ ਰਾਸ਼ਟਰੀ ਰਿਕਾਰਡ ਵੀ ਕਾਇਮ ਕੀਤਾ। ਇਸ ਦੇ ਨਾਲ ਹੀ ਇੰਡੀਆ ਨੇ ਵੇਟਲਿਫਟਿੰਗ ’ਚ 3 ਸੋਨ, 3 ਚਾਂਦੀ ਅਤੇ ਇੰਨੇ ਹੀ ਕਾਂਸੀ ਦੇ ਤਗ਼ਮਿਆਂ ਦੇ ਨਾਲ 9 ਤਗ਼ਮੇ ਜਿੱਤੇ ਹਨ। ਰਾਸ਼ਟਰਮੰਡਲ ਖੇਡਾਂ ’ਚ ਭਾਰਤ ਦਾ ਇਹ 14ਵਾਂ ਤਗ਼ਮਾ ਹੈ।ਕੈਮਰੂਨ ਦੇ ਵੇਟਲਿਫਟਰ ਪੇਰੀਕਲੇਕਸ ਨਯਾਬੇਊ ਜੂਨੀਅਰ ਨੇ ਕੁੱਲ 361 ਕਿਲੋਗ੍ਰਾਮ ਭਾਰ ਚੁੱਕ ਕੇ (ਸਨੈਚ ’ਚ 160 ਅਤੇ ਕਲੀਨ ਐਂਡ ਜਰਕ ’ਚ 201) ਸੋਨ ਤਗ਼ਮਾ ਜਿੱਤਿਆ। ਸਮੁਆ ਦੇ ਵੇਟਲਿਫਟਰ ਜੈਕ ਹਿਟਿਲਾ ਓਪਲੋਗੇ ਨੇ ਦੂਜੇ ਸਥਾਨ ’ਤੇ ਰਹਿ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਉਸਨੇ ਸਨੈਚ ’ਚ 164 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ’ਚ 194 ਕਿਲੋਗ੍ਰਾਮ ਸਮੇਤ ਕੁੱਲ 358 ਕਿਲੋਗ੍ਰਾਮ ਭਾਰ ਚੁੱਕਿਆ। ਲਵਪ੍ਰੀਤ ਨੇ ਸਨੈਚ ’ਚ ਆਪਣੀ ਪਹਿਲੀ ਕੋਸ਼ਿਸ਼ ’ਚ 157 ਕਿਲੋਗ੍ਰਾਮ ਭਾਰ ਚੁੱਕਿਆ। ਲਵਪ੍ਰੀਤ ਨੇ ਸਨੈਚ ’ਚ ਆਪਣੀ ਦੂਜੀ ਕੋਸ਼ਿਸ਼ ’ਚ 161 ਕਿਲੋਗ੍ਰਾਮ ਅਤੇ ਆਖਰੀ ਕੋਸ਼ਿਸ਼ ’ਚ 163 ਕਿਲੋਗ੍ਰਾਮ ਭਾਰ ਚੁੱਕਿਆ। ਸਨੈਚ ਰਾਊਂਡ ਖਤਮ ਹੋਣ ਤੋਂ ਬਾਅਦ ਲਵਪ੍ਰੀਤ ਤੀਜੇ ਸਥਾਨ ’ਤੇ ਰਿਹਾ। ਲਵਪ੍ਰੀਤ ਸਿੰਘ ਨੇ ਵੇਟਲਿਫਟਿੰਗ ਦੇ 109 ਕਿਲੋਗ੍ਰਾਮ ਭਾਰ ਵਰਗ ’ਚ ਸਨੈਚ ਰਾਊਂਡ ਦੀ ਪਹਿਲੀ ਕੋਸ਼ਿਸ਼ ’ਚ 185 ਕਿਲੋਗ੍ਰਾਮ ਭਾਰ ਚੁੱਕਿਆ। ਇਸ ਦੇ ਨਾਲ ਹੀ ਉਸ ਨੇ ਕਲੀਨ ਐਂਡ ਜਰਕ ਦੀ ਦੂਜੀ ਕੋਸ਼ਿਸ਼ ’ਚ 189 ਕਿਲੋ ਭਾਰ ਚੁੱਕਿਆ। ਤੀਜੀ ਕੋਸ਼ਿਸ਼ ’ਚ ਉਸ ਨੇ 192 ਕਿਲੋਗ੍ਰਾਮ ਭਾਰ ਚੁੱਕਿਆ ਅਤੇ ਕੁੱਲ 355 ਕਿਲੋਗ੍ਰਾਮ ਭਾਰ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ।