ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਟਿਆਲਾ ‘ਚ ਮੀਡੀਆ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਸਹੀ ਮਾਅਨਿਆਂ ‘ਚ ਈਮਾਨਦਾਰ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ‘ਤੇ ਹੋਏ ਕਰੋੜਾਂ ਰੁਪਏ ਦੇ ਕਥਿਤ ਘੁਟਾਲੇ ਦੀ ਜਾਂਚ ਕਰਵਾਉਣ। ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ ਸਮੇਂ ਦੌਰਾਨ ਕਾਂਗਰਸ ਨੇਤਾ ਰਣਦੀਪ ਸਿੰਘ ਨਾਭਾ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਆਖਿਆ ਸੀ ਕਿ ਬਠਿੰਡਾ ‘ਚ ਖੇਤੀਬਾੜੀ ਮਸ਼ੀਨਰੀ ਨਾਲ ਸਬੰਧਤ ਚੌਂਤੀ ਸੌ ਕਰੋੜ ਰੁਪਏ ਦਾ ਗਬਨ ਹੋਇਆ ਹੈ। ਉਨ੍ਹਾਂ ਇਹ ਵੀ ਆਖਿਆ ਸੀ ਕਿ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਇੰਚਾਰਜ ਸਨ ਜਿਸ ਕਰਕੇ ਭਗਵੰਤ ਮਾਨ ਨੂੰ ਚਾਹੀਦਾ ਕਿ ਉਹ ਮੋਤੀ ਮਹਿਲ ‘ਚ ਵਿਜੀਲੈਂਸ ਨੂੰ ਭੇਜ ਕੇ ਇਸ ਮਾਮਲੇ ਦੀ ਜਾਂਚ ਕਰਵਾਉਣ। ਬਾਜਵਾ ਨੇ ਆਖਿਆ ਕਿ ਦਿੱਲੀ ਦੇ ਮੰਤਰੀ ਮਨੀਸ਼ ਸਿਸੋਦੀਆ ਦੇ ਸੀ.ਬੀ.ਆਈ. ਦਾ ਕੇਸ ਬਣਨ ਦੇ ਬਾਵਜੂਦ ਉਸ ਨੂੰ ਵਜ਼ਾਰਤ ‘ਚ ਰੱਖਿਆ ਹੋਇਆ ਹੈ। ਆਮ ਆਦਮੀ ਪਾਰਟੀ ਦੂਜੀਆਂ ਧਿਰਾਂ ‘ਤੇ ਹੀ ਉਂਗਲ ਚੁੱਕਣਾ ਜਾਣਦੀ ਹੈ ਪ੍ਰੰਤੂ ਆਪਣੀ ਪੀੜ੍ਹੀ ਹੇਠਾਂ ਸੋਟਾ ਨਹੀਂ ਫੇਰਦੀ। ਉਨ੍ਹਾਂ ਕਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਹੁਣ ਕਾਂਗਰਸ ਦਾ ਹਿੱਸਾ ਨਹੀਂ ਹਨ। ਪਰਨੀਤ ਕੌਰ ਆਪਣੀ ਲੋਕ ਸਭਾ ਮੈਂਬਰੀ ਭੰਗ ਹੋਣ ਦੇ ਡਰੋਂ ਕਾਂਗਰਸ ਨੂੰ ਚਿੰਬੜੇ ਹੋਏ ਹਨ। ਬਾਜਵਾ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਜੇ ਪਰਨੀਤ ਕੌਰ ‘ਚ ਰੱਤੀ ਭਰ ਵੀ ਇਖ਼ਲਾਕ ਹੈ ਤਾਂ ਉਹ ਹੁਣ ਤਾਂ ਕਾਂਗਰਸ ਦਾ ਖਹਿੜਾ ਛੱਡ ਦੇਣ। ਉਨ੍ਹਾਂ ਆਖਿਆ ਕਿ ਇਹ ਚਿੱਟੇ ਦਿਨ ਵਾਂਗ ਸਾਫ਼ ਹੈ ਕਿ 2024 ਦੀਆਂ ਚੋਣਾਂ ‘ਚ ਪਰਨੀਤ ਕੌਰ ਭਾਜਪਾ ਉਮੀਦਵਾਰ ਹੋਣਗੇ। ਇਸੇ ਦੌਰਾਨ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੇ ਮਾਮਲੇ ‘ਚ ਬਾਜਵਾ ਨੇ ਕਿਹਾ ਕਿ ਉਨ੍ਹਾਂ ਦਾ ਅੱਗੇ ਭਵਿੱਖ ਚੰਗਾ ਹੈ ਪਰ ਨਾਲ ਹੀ ਉਨ੍ਹਾਂ ਨੇ ਖਹਿਰਾ ਨੂੰ ਅਨੁਸ਼ਾਸਨ ‘ਚ ਰਹਿਣ ਦਾ ਸੁਝਾਅ ਵੀ ਦਿੱਤਾ ਤੇ ਕਿਹਾ ਕਿ ਪਾਰਟੀ ਲੀਡਰਸ਼ਿਪ ਵੱਲੋਂ ਜਿਸ ਨੂੰ ਵੀ ਨੂੰ ਮੋਢੀ ਬਣਾਇਆ ਜਾਂਦਾ ਹੈ ਉਸ ਨੂੰ ਮੋਢੀ ਮੰਨਣਾ ਹਰੇਕ ਪਾਰਟੀ ਆਗੂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ।