ਫੀਫਾ ਵਰਲਡ ਕੱਪ ਦੇ ਹੁਣ ਤਕ ਦੇ ਸਭ ਤੋਂ ਰੋਮਾਂਚਕ ਫਾਈਨਲ ‘ਚੋਂ ਇਕ ‘ਚ ਜਿੱਤ ਦਰਜ ਕਰਨ ਤੋਂ ਬਾਅਦ ਖਿਤਾਬ ਦੇ ਨਾਲ ਵਾਪਸ ਪਰਤੀ ਅਰਜਨਟੀਨਾ ਦੀ ਚੈਂਪੀਅਨ ਫੁੱਟਬਾਲ ਟੀਮ ਦੀ ਇਕ ਝਲਕ ਪਾਉਣ ਲਈ ਹਜ਼ਾਰਾਂ ਲੋਕ ਤੜਕੇ ਏਅਰਪੋਰਟ ‘ਤੇ ਇਕੱਠੇ ਹੋਏ ਅਤੇ ਟੀਮ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਕਪਤਾਨ ਲਿਓਨਲ ਮੇਸੀ ਦੀ ਅਗਵਾਈ ‘ਚ ਅਰਜਨਟੀਨਾ ਦੀ ਰਾਜਧਾਨੀ ਦੇ ਠੀਕ ਬਾਹਰ ਇਲੇਇਜਾ ‘ਚ ਤੜਕੇ ਤਿੰਨ ਵਜੇ ਜਹਾਜ਼ ‘ਚੋਂ ਉਤਰਨ ‘ਤੇ ਟੀਮ ਦਾ ਪ੍ਰਸ਼ੰਸਕਾਂ ਨੇ ਪਲਕਾਂ ਵਿਛਾ ਕੇ ਸਵਾਗਤ ਕੀਤਾ। ਇਸ ਦੌਰਾਨ ਟੀਮ ਲਈ ‘ਰੈੱਡ ਕਾਰਪੇਟ’ ਵਿਛਾਇਆ ਗਿਆ ਸੀ। ਜਹਾਜ਼ ‘ਚੋਂ ਸਭ ਤੋਂ ਪਹਿਲਾਂ ਮੇਸੀ ਵਰਲਡ ਕੱਪ ਟਰਾਫੀ ਫੜ ਕੇ ਕੋਚ ਲਿਓਨਲ ਸਕੇਲੋਨੀ ਦੇ ਨਾਲ ਉਤਰਿਆ, ਜਿਨ੍ਹਾਂ ਨੇ ਕਪਤਾਨ ਦੇ ਮੋਢੇ ‘ਤੇ ਹੱਥ ਰੱਖਿਆ ਹੋਇਆ ਸੀ। ਇਹ ਦੋਵੇਂ ਇਸ ਤੋਂ ਬਾਅਦ ਇਕ ਬੈਨਰ ਦੇ ਨੇੜੇ ਉਤਰੇ ਜਿਸ ‘ਤੇ ਲਿਖਿਆ ਸੀ, ‘ਧੰਨਵਾਦ , ਚੈਂਪੀਅਨਸ।’ ਖਿਡਾਰੀਆਂ ਦਾ ਸਵਾਗਤ ਰਾਕ ਬੈਂਡ ਲਾ ਮੋਸਕਾ ਨੇ ‘ਮੁਚਾਚੋਸ’ ਗਾਉਂਦੇ ਹੋਏ ਕੀਤਾ। ਇਹ ਗੀਤ ਇਕ ਪ੍ਰਸ਼ੰਸਕ ਨੇ ਬੈਂਡ ਦੇ ਇਕ ਪੁਰਾਣੇ ਗੀਤ ਦੀ ਧੁੰਨ ‘ਤੇ ਲਿਖਿਆ ਸੀ ਤੇ ਕਤਰ ‘ਚ ਵਰਲਡ ਕੱਪ ‘ਚ ਅਰਜਨਟੀਨਾ ਦੇ ਪ੍ਰਸ਼ੰਸਕਾਂ ਲਈ ਟੀਮ ਦਾ ਇਕ ਪ੍ਰਸਿੱਧ ਗੈਰ-ਰਸਮੀ ਗੀਤ ਬਣ ਗਿਆ ਸੀ। ਵਰਲਡ ਚੈਂਪੀਅਨ ਟੀਮ ਦੇ ਮੈਂਬਰ ਇਸ ਤੋਂ ਬਾਅਦ ਉੱਪਰੋਂ ਖੁੱਲ੍ਹੀ ਬੱਸ ‘ਚ ਸਵਾਰ ਹੋਏ ਤੇ ਮੇਸੀ ਸਮੇਤ ਕਈ ਖਿਡਾਰੀਆਂ ਨੂੰ ‘ਮੁਚਾਚੋਸ’ ਨੂੰ ਗਾਉਂਦੇ ਦੇਖਿਆ ਗਿਆ, ਜਦਕਿ ਉਹ ਅਰਜਨਟੀਨਾ ਫੁੱਟਬਾਲ ਸੰਘ ਦੇ ਦਫਤਰ ਤਕ ਦੀ ਯਾਤਰਾ ਕਰਨ ਲਈ ਸਾਰਿਆਂ ਦਾ ਇੰਤਜ਼ਾਰ ਕਰ ਰਹੇ ਸਨ। ਖਿਡਾਰੀਆਂ ਦੀ ਇਕ ਝਲਕ ਪਾਉਣ ਲਈ ਵੱਡੀ ਗਿਣਤੀ ‘ਚ ਪ੍ਰਸ਼ੰਸਕ ਹਾਈਵੇ ‘ਤੇ ਇਕੱਠੇ ਸਨ ਤੇ ਅਰਜਨਟੀਨਾ ਦੇ ਝੰਡੇ ਲੈ ਕੇ ਲਹਿਰਾ ਰਹੇ ਸਨ, ਜਿਸ ਕਾਰਨ ਬੱਸ ਕਾਫੀ ਹੌਲੀ ਗਤੀ ਨਾਲ ਚੱਲ ਰਹੀ ਸੀ। ਬੱਸ ਨੂੰ ਏਅਰਪੋਰਟ ਤੋਂ ਏ.ਐੱਫ.ਏ. ਹੈੱਡਕੁਆਰਟਰ ਤੱਕ ਲਗਭਗ 11 ਕਿਲੋਮੀਟਰ ਦਾ ਸਫ਼ਰ ਤੈਅ ਕਰਨ ‘ਚ ਕਰੀਬ ਇਕ ਘੰਟਾ ਲੱਗਿਆ, ਜਿੱਥੇ ਖਿਡਾਰੀਆਂ ਦਾ ਆਤਿਸ਼ਬਾਜ਼ੀ ਨਾਲ ਸਵਾਗਤ ਕੀਤਾ ਗਿਆ। ਯਾਦ ਰਹੇ ਕਿ ਅਰਜਨਟੀਨਾ ਨੇ ਐਤਵਾਰ ਨੂੰ ਫਾਈਨਲ ‘ਚ ਫਰਾਂਸ ਨੂੰ ਪੈਨਲਟੀ ਸ਼ੂਟ ਆਊਟ ‘ਚ 4-2 ਨਾਲ ਹਰਾ ਕੇ ਖ਼ਿਤਾਬ ਜਿੱਤਿਆ।