ਅਮਰੀਕਾ ਦੇ ਟੈਕਸਾਸ ਸੂਬੇ ‘ਚ ਪਿਛਲੇ ਕਈ ਮਹੀਨੇ ਤੋਂ ਲਾਪਤਾ ਛੇ ਸਾਲਾ ਨੋਏਲ ਦੇ ਭਾਰਤੀ-ਅਮਰੀਕਨ ਮਤਰੇਏ ਪਿਤਾ ‘ਤੇ ਇਕ ਹੋਰ ਦੋਸ਼ ਲਗਾਇਆ ਗਿਆ ਹੈ। ਦੋਸ਼ ਮੁਤਾਬਕ ਪਿਛਲੇ ਮਹੀਨੇ ਆਪਣੀ ਪਤਨੀ ਅਤੇ ਉਸ ਦੇ ਛੇ ਬੱਚਿਆਂ ਨਾਲ ਇੰਡੀਆ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਮਾਲਕ ਦੇ 10,000 ਡਾਲਰ ਚੋਰੀ ਕੀਤੇ ਸਨ। ਟੈਕਸਾਸ ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਐਵਰਮੈਨ ਦੇ ਪੁਲੀਸ ਮੁਖੀ ਕ੍ਰੇਗ ਸਪੈਂਸਰ ਨੇ ਕਿਹਾ ਕਿ ਜੋੜੇ ਅਰਸ਼ਦੀਪ ਸਿੰਘ ਅਤੇ ਉਸਦੀ ਪਤਨੀ ਖ਼ਿਲਾਫ਼ ਚੋਰੀ ਦੇ ਮਾਮਲੇ ਦੇ ਇਲਾਵਾ ਅਤੇ ਬੱਚੇ ਨੂੰ ਬੇਸਹਾਰਾ ਛੱਡਣ ਅਤੇ ਜਾਨ ਨੂੰ ਖ਼ਤਰੇ ‘ਚ ਪਾਉਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਕੇ ਅਮਰੀਕਾ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਅਸੀਂ ਉਨ੍ਹਾਂ ਤੋਂ ਨੋਏਲ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਹਾਸਲ ਕਰ ਸਕੀਏ। ਉਨ੍ਹਾਂ ਨੇ ਕਿਹਾ ਕਿ ਉਹ ਸਿੰਡੀ ਰੌਡਰਿਗਜ਼ ਸਿੰਘ ਅਤੇ ਉਸਦੇ ਪਤੀ ਅਰਸ਼ਦੀਪ ਸਿੰਘ ਨੂੰ ਲੱਭਣ ਅਤੇ ਸਪੁਰਦ ਕਰਨ ਲਈ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਕੰਮ ਕਰਨ ਲਈ ਸੰਘੀ ਅਧਿਕਾਰੀਆਂ ‘ਤੇ ਨਿਰਭਰ ਹਨ। ਲਾਪਤਾ ਬੱਚੇ ਦੇ ਰਿਸ਼ਤੇਦਾਰ ਦੇ ਅਨੁਸਾਰ ਪੁਲੀਸ ਨੇ ਨੋਏਲ ਰੋਡਰਿਗਜ਼-ਅਲਵਾਰੇਜ਼ ਦੇ ਲਾਪਤਾ ਹੋਣ ਦੇ ਮਾਮਲੇ ‘ਚ ਨਵੇਂ ਵੇਰਵੇ ਜਾਰੀ ਕੀਤੇ। ਨੋਏਲ ਨੂੰ ਆਖਰੀ ਵਾਰ ਅਕਤੂਬਰ 2022 ‘ਚ ਦੇਖਿਆ ਗਿਆ ਸੀ। ਸਪੈਂਸਰ ਨੇ ਕਿਹਾ ਕਿ ਜਾਂਚਕਰਤਾਵਾਂ ਨੇ ਹੁਣ ਲਾਪਤਾ ਬੱਚੇ ਦੇ ਮਤਰੇਏ ਪਿਤਾ ਅਰਸ਼ਦੀਪ ਸਿੰਘ ਖ਼ਿਲਾਫ਼ ਵੀ ਚੋਰੀ ਦਾ ਦੋਸ਼ ਦਰਜ ਕੀਤਾ ਹੈ। ਸਪੈਂਸਰ ਅਨੁਸਾਰ ਅਰਸ਼ਦੀਪ ਸਿੰਘ ਨੇ ਪਿਛਲੇ ਮਹੀਨੇ ਦੇਸ਼ ਛੱਡਣ ਤੋਂ ਕੁਝ ਘੰਟੇ ਪਹਿਲਾਂ ਰੋਜ਼ਾਨਾ ਕਰਿਆਨੇ ਦੀਆਂ ਦੁਕਾਨਾਂ ‘ਤੇ ਉਤਪਾਦ ਡਿਲੀਵਰ ਕੀਤੀ ਅਤੇ ਕਥਿਤ ਤੌਰ ‘ਤੇ ਆਪਣੇ ਮਾਲਕ ਤੋਂ 10,000 ਡਾਲਰ ਦੀ ਨਕਦੀ ਦੀ ਚੋਰੀ ਨੂੰ ਲੁਕਾਉਣ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ। ਸਪੈਂਸਰ ਨੇ ਕਿਹਾ ਕਿ ਜਾਂਚਕਰਤਾਵਾਂ ਨੇ ਵੱਡੀ ਜਮ੍ਹਾਂ ਰਕਮ ਦੇ ਸੰਦਰਭ ‘ਚ ਕੰਪਨੀ ਨੂੰ ਜਾਅਲੀ ਦਸਤਾਵੇਜ਼ ਅਤੇ ਗੁੰਮ ਹੋਏ ਪੈਸੇ ਸਬੰਧੀ ਜਾਣਕਾਰੀ ਦਿੱਤੀ। ਪੁਲੀਸ ਨੇ ਪੁਸ਼ਟੀ ਕੀਤੀ ਕਿ ਬੱਚੇ ਦੇ ਪਰਿਵਾਰ ਨੇ ਦੇਸ਼ ਛੱਡਣ ਤੋਂ ਇਕ ਦਿਨ ਪਹਿਲਾਂ ਅਰਸ਼ਦੀਪ ਸਿੰਘ, ਸਿੰਡੀ ਸਿੰਘ ਅਤੇ ਉਨ੍ਹਾਂ ਦੇ ਛੇ ਬੱਚਿਆਂ ਲਈ ਇੰਡੀਆ ਲਈ ਵਨ-ਵੇ ਏਅਰਲਾਈਨ ਟਿਕਟਾਂ ਖਰੀਦਣ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਕੀਤੀ ਸੀ।