ਯੂਕਰੇਨ ਦੇ ਮੁੱਕੇਬਾਜ਼ ਅਲੈਗਜ਼ੈਂਡਰ ਉਸਿਕ ਨੇ ਕਿੰਗ ਅਬਦੁੱਲਾ ਸਪੋਰਟਸ ਸਿਟੀ ‘ਚ ਰੋਮਾਂਚਕ ਮੁਕਾਬਲੇ ‘ਚ ਐਂਥਨੀ ਜੋਸ਼ੂਆ ‘ਤੇ ਵੰਡ ਦੇ ਫ਼ੈਸਲੇ ਨਾਲ ਜਿੱਤ ਦਰਜ ਕਰਕੇ ਆਪਣਾ ਵਿਸ਼ਵ ਹੈਵੀਵੇਟ ਖ਼ਿਤਾਬ ਬਰਕਰਾਰ ਰੱਖਿਆ। ਇਸ ਮੈਚ ‘ਚ ਜਦੋਂ ਜੱਜ ਆਪਣਾ ਫ਼ੈਸਲਾ ਸੁਣਾ ਰਹੇ ਸਨ ਤਾਂ ਦੋਵਾਂ ਮੁੱਕੇਬਾਜ਼ਾਂ ਨੇ ਯੂਕਰੇਨ ਦਾ ਝੰਡਾ ਚੁੱਕਿਆ ਹੋਇਆ ਸੀ। ਜਦੋਂ ਉਸਿਕ ਨੂੰ ਜੇਤੂ ਐਲਾਨਿਆ ਗਿਆ ਤਾਂ ਉਸ ਨੇ ਝੰਡੇ ਨਾਲ ਆਪਣਾ ਮੂੰਹ ਢਕ ਲਿਆ। 35 ਸਾਲਾ ਉਸਿਕ ਨੇ ਰੂਸ ਦੇ ਹਮਲੇ ਖ਼ਿਲਾਫ਼ ਯੂਕਰੇਨੀ ਫੌਜ ‘ਚ ਸੇਵਾ ਕਰਨ ਤੋਂ ਛੇ ਮਹੀਨੇ ਬਾਅਦ ਡਬਲਿਊ.ਬੀ.ਏ., ਡਬਲਿਊ.ਬੀ.ਓ. ਅਤੇ ਆਈ.ਬੀ.ਐੱਫ. ਖ਼ਿਤਾਬ ਜਿੱਤੇ। ਯੂਕਰੇਨ ਦੇ ਰਾਸ਼ਟਰਪਤੀ ਨੇ ਵੀ ਮੈਚ ਤੋਂ ਪਹਿਲਾਂ ਉਸ ਨੂੰ ਸੰਦੇਸ਼ ਭੇਜਿਆ ਸੀ। ਮੈਚ ਤੋਂ ਬਾਅਦ ਉਸ ਦੇ ਵਿਰੋਧੀ ਜੋਸ਼ੂਆ ਨੇ ਵੀ ਉਸ ਦੇ ਹੌਸਲੇ ਦੀ ਤਾਰੀਫ ਕੀਤੀ।