ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ‘ਚ ਤਨਖਾਹੀਆ ਕਰਾਰ ਦਿੱਤਾ ਗਿਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਭਾਈ ਸੁਖਦੇਵ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਮੀਟਿੰਗ ‘ਚ ਸ਼ਾਮਲ ਹੋਏ। ਸੁੱਚਾ ਸਿੰਘ ਲੰਗਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਪਰਾਈ ਇਸਤਰੀ ਨਾਲ ਗਮਨ ਤੇ ਬਜਰ ਕੁਰਾਇਤ ਕਬੂਲ ਲਈ ਹੈ। ਸਿੰਘ ਸਾਹਿਬਾਨ ਨੇ ਲੰਗਾਹ ਨੂੰ ਤਨਖ਼ਾਹੀਆ ਕਰਾਰ ਦਿੰਦੇ ਹੋਏ 21 ਦਿਨ ਦੀ ਸੇਵਾ ਲਗਾਈ ਹੈ। 1 ਘੰਟਾ ਕੀਰਤਨ ਪਰਿਕਰਮਾ ”ਚ ਕੀਰਤਨ ਸਰਵਨ ਕਰਨ, 1 ਪਾਠ ਜਪੁਜੀ ਸਾਹਿਬ, 1 ਘੰਟਾ ਬਰਤਨ ਸਾਫ ਕਰਨ ਆਦਿ ਸੇਵਾ ਲਗਾਈ ਹੈ। ਲੰਗਾਹ ਦੇ 5 ਸਾਲ ਲਈ ਗੁਰਦੁਆਰਾ ਕਮੇਟੀ ਦੇ ਮੈਂਬਰ ਬਣਨ ‘ਤੇ ਰੋਕ ਲਗਾ ਦਿੱਤੀ ਗਈ ਹੈ। ਹਾਲਾਂਕਿ ਸਿੰਘ ਸਾਹਿਬਾਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਸਿਆਸੀ ਤੌਰ ‘ਤੇ ਵਿਚਰ ਸਕਦੇ ਹਨ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਦਿਨ ਢਾਡੀ ਜਥੇ ਦਾ ਸਤਿਕਾਰ ਕਰਦੇ ਹੋਏ ਹਰੇਕ ਢਾਡੀ ਜੱਥੇ ਨੂੰ 5100 ਰੁਪਏ ਭੇਟਾ ਦੇਣ ਅਤੇ ਲੰਗਰ ਤਿਆਰ ਕਰਕੇ ਛਕਾਉਣ ਅਤੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਲਗਾਈ। 5100 ਰੁਪਏ ਗੋਲਕ ‘ਚ ਸੇਵਾ ਪਾਉਣ ਅਤੇ ਅਰਦਾਸ ਕਰਾਉਣ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੀਨ ‘ਚੋਂ ਛਪਾਈ ਕਰਵਾਉਣ ਦੇ ਮਾਮਲੇ ‘ਚ ਰਾਜਵੰਤ ਸਿੰਘ, ਭਜਨੀਕ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਏ। ਅਮਰੀਕਾ ‘ਚ ਥਮਿੰਦਰ ਸਿੰਘ ਵੱਲੋਂ ਪਾਵਨ ਸਰੂਪਾਂ ਦੀ ਛਪਾਈ ਦੇ ਮਾਮਲੇ ‘ਚ ਗੁਰਦਰਸ਼ਨ ਸਿੰਘ ਨੇ ਲਿਖਤੀ ਰੂਪ ‘ਚ ਮਾਫ਼ੀਨਾਮਾ ਭੇਜਿਆ। ਇਨ੍ਹਾਂ ਉੱਪਰ ਪਾਵਨ ਸਰੂਪਾਂ ਨੂੰ ਡੱਬਿਆਂ ‘ਚ ਪੈਕ ਕਰ ਕੇ ਪਾਰਸਲ ਕਰਾਉਣ ਦਾ ਦੋਸ਼ ਹੈ। ਪੰਜ ਸਿੰਘ ਸਾਹਿਬਾਨ ਨੇ ਰਾਜਵੰਤ ਸਿੰਘ, ਭਜਨੀਕ ਸਿੰਘ ਤੇ ਗੁਰਦਰਸ਼ਨ ਸਿੰਘ ਨੂੰ ਤਨਖਾਹੀਆਂ ਕਰਾਰ ਦਿੱਤਾ ਹੈ ਜਦਕਿ ਧਮਿੰਦਰ ਸਿੰਘ ਪੰਥ ‘ਚੋਂ ਛੇਕਣ ਦਾ ਐਲਾਨ ਕੀਤਾ। ਪੰਜ ਸਿੰਘ ਸਾਹਿਬਾਨ ਨੇ ਰਾਜਵੰਤ ਸਿੰਘ, ਭਜਨੀਕ ਸਿੰਘ ਤੇ ਗੁਰਦਰਸ਼ਨ ਸਿੰਘ ਨੂੰ ਤਨਖਾਹੀਆਂ ਕਰਾਰ ਦਿੰਦਿਆਂ 11 ਦਿਨ ਨੇੜਲੇ ਗੁਰਦੁਆਰਾ ਸਾਹਿਬ ‘ਚ ਇਕ ਘੰਟਾ ਜੋੜੇ ਬਰਤਨ ਸਾਫ ਕਰਨ, 1 ਸਹਿਜ ਪਾਠ ਕਰਨ ਅਤੇ 125 ਡਾਲਰ ਸੇਵਾ ਗੋਲਕ ‘ਚ ਪਾਉਣ ਅਥੇ ਕੜਾਹ ਪ੍ਰਸ਼ਾਦ ਕਰਵਾ ਕੇ ਅਰਦਾਸ ਕਰਵਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਭੇਜਣ ਦੀ ਸੇਵਾ ਲਗਾਈ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਆਉਣ ਕਾਰਨ ਸੰਗਤ ‘ਚ ਪੈਦਾ ਹੋਈ ਦੁੱਚਿਤੀ ਦੂਰ ਕੀਤੀ ਅਤੇ ਕਿਹਾ ਕਿ ਪ੍ਰਕਾਸ਼ ਪੁਰਬ ਮੂਲ ਨਾਨਕਸ਼ਾਹੀ ਕਲੰਡਰ 2003 ‘ਚ ਦਰਜ 5 ਜਨਵਰੀ ਅਨੁਸਾਰ ਮਨਾਇਆ ਜਾਵੇ। ਦਰਅਸਲ 13 ਪੋਹ (28 ਦਸੰਬਰ) ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਪੰਦਰਵਾੜੇ ਦੌਰਾਨ ਸੰਗਤ ਗੁਰਦੁਆਰਿਆਂ ਤੇ ਘਰਾਂ ਨਾ ਤਾਂ ਖੁਸ਼ੀ ਦੇ ਸਮਾਗਮ ਕਰਨ ਤੇ ਨਾ ਹੀ ਮਿੱਠੇ ਲੰਗਰ ਲਗਾਉਣ। ਜਦਕਿ 14 ਪੋਹ (29 ਦਸੰਬਰ) ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ। ਇਸ ਤਰ੍ਹਾਂ ਪ੍ਰਕਾਸ਼ ਪੁਰਬ ਸਬੰਧੀ ਪ੍ਰਭਾਤ ਫੇਰੀਆਂ ਤੇ ਨਗਰ ਕੀਰਤਨ ਇਸੇ ਪੰਦਰਵਾੜੇ ਦੌਰਾਨ ਆ ਰਹੇ ਹਨ। ਇਸੇ ਲਈ ਦੇਸ਼ ਵਿਦੇਸ਼ ਦੀਆਂ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਪ੍ਰਕਾਸ਼ ਪੁਰਬ ਦੀ ਤਰੀਕ ਬਦਲਣ ਦੀ ਬੇਨਤੀ ਕੀਤੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਨਾਨਕਸ਼ਾਹੀ ਕਲੰਡਰ ਸੰਮਤ 554 ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇਕ ਸਾਲ (ਅੰਗਰੇਜ਼ੀ ਕਲੰਡਰ) ‘ਚ ਦੋ ਵਾਰ ਆ ਰਿਹਾ ਹੈ। ਪੋਹ ਸੁਦੀ 7 ਮੁਤਾਬਕ ਸਾਲ 2022 ‘ਚ 9 ਜਨਵਰੀ ਨੂੰ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ। ਹੁਣ ਇਹ 29 ਦਸੰਬਰ ਨੂੰ ਵੀ ਆ ਰਿਹਾ ਹੈ। ਅਗਲਾ ਪ੍ਰਕਾਸ਼ ਪੁਰਬ ਸਾਲ 2023 ਦੀ ਬਜਾਏ ਸਾਲ 2024 ‘ਚ 17 ਜਨਵਰੀ ਨੂੰ ਆਵੇਗਾ। ਇਸ ਤੋਂ ਬਾਅਦ 2025 ‘ਚ 6 ਜਨਵਰੀ ਤੇ ਫਿਰ 27 ਦਸੰਬਰ ਨੂੰ ਦੋ ਇਕ ਸਾਲ ‘ਚ ਫਿਰ ਦੋ ਵਾਰ ਪ੍ਰਕਾਸ਼ ਪੁਰਬ ਆਵੇਗਾ। ਸੰਗਤ ਦੀ ਮੰਗ ਹੈ ਇਸ ਦਾ ਸਦੀਵੀ ਹੱਲ ਕੱਢਿਆ ਜਾਵੇ।