ਪੰਜਾਬ ਦੇ ਲੋਕ ਨਿਰਮਾਣ ਵਿਭਾਗ ਅਤੇ ਬਿਜਲੀ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਮੋਗਾ ਥਾਣਾ ਸਿਟੀ ਦੱਖਣੀ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਦੌਰਾ ਕੀਤਾ। ਇਸ ਦੌਰਾਨ ਮੰਤਰੀ ਪੁਲੀਸ ਥਾਣਾ ਸਿਟੀ ਦੱਖਣੀ ਦੀ ਇਮਾਰਤ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਇਹ ਇਮਾਰਤ ਕਾਫੀ ਖਸਤਾ ਹਾਲਤ ‘ਚ ਹੈ ਅਤੇ ਇਸ ਇਮਾਰਤ ਦਾ ਲੈਂਟਰ ਟੁੱਟਣ ਵਾਲਾ ਹੈ। ਇਸ ਇਮਾਰਤ ਨੂੰ ਅਸੁਰੱਖਿਆਤ ਐਲਾਨਿਆ ਜਾ ਚੁੱਕਾ ਹੈ। ਥਾਣੇ ਦੀ ਖਸਤਾਹਾਲ ਇਮਾਰਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਹੌਲੀ-ਹੌਲੀ ਅਜਿਹੀਆਂ ਇਮਾਰਤਾਂ ਦੀ ਹਾਲਤ ਵੀ ਸੁਧਾਰੇਗੀ। ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਥਾਣਾ ਸਿਟੀ ਦੱਖਣੀ ਦਾ ਦੌਰਾ ਕੀਤਾ ਜਿਥੇ ਥਾਣੇ ਦੀ ਖਸਤਾਹਾਲ ਇਮਾਰਤ ਨੂੰ ਵੇਖ ਕੇ ਉਹ ਹੈਰਾਨ ਰਹਿ ਗਏ। ਲੋਕ ਨਿਰਮਾਣ ਵਿਭਾਗ ਵੱਲੋਂ ਕਈ ਸਾਲ ਪਹਿਲਾਂ ਅਸੁਰੱਖਿਅਤ ਐਲਾਨੀ ਗਈ ਇਸ ਇਮਾਰਤ ‘ਚ ਅੱਜ ਵੀ ਸਥਾਨਕ ਥਾਣੇ ਦਾ ਸਟਾਫ਼ ਰੋਜ਼ਾਨਾ ਅਪਾਣੀ ਡਿਊਟੀ ਨਿਭਾਅ ਰਿਹਾ ਹੈ। ਬੇਹੱਦ ਪੁਰਾਣੀ ਹੋ ਚੁੱਕੀ ਇਸ ਇਮਾਰਤ ਦੇ ਕਰਮਿਆਂ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਹੈ ਕਿ ਮੀਂਹ ਪੈਣ ਕਾਰਨ ਦੀਵਾਰਾਂ ਤੋਂ ਚੋਣ ਵਾਲੇ ਪਾਣੀ ਨਾਲ ਛੱਤਾਂ ਤੋਂ ਸੀਮਿੰਟ ਦੇ ਵੱਡੇ-ਵੱਡੇ ਟੁਕੜੇ ਲੱਥ ਕੇ ਹੇਠਾਂ ਡਿੱਗ ਚੁੱਕੇ ਹਨ। ਜ਼ਿਕਰਯੋਗ ਹੈ ਕਿ ਅਸੁਰੱਖਿਅਤ ਐਲਾਨੇ ਜਾਣ ਦੇ ਬਾਵਜੂਦ ਹਾਲੇ ਤੱਕ ਇਸ ਇਮਾਰਤ ਨੂੰ ਖਾਲੀ ਕਰਵਾਉਣ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਤਤਕਾਲੀ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਮਾਲ ਵਿਭਾਗ ਦੇ ਪਟਵਾਰ ਖਾਨੇ ਅਤੇ ਇਕ ਆਡੋਟੋਰੀਅਮ ‘ਚ ਥਾਣਾ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਸਨ, ਪਰ ਉਨ੍ਹਾਂ ਹੁਕਮਾਂ ਨੂੰ ਵੀ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਿਆ। ਇਸ ਮਗਰੋਂ ਕੈਬਨਿਟ ਮੰਤਰੀ ਨੇ ਸਰਕਾਰੀ ਕੰਨਿਆ ਸਕੂਲ ਦਾ ਵੀ ਦੌਰਾ ਕੀਤਾ ਜਿਥੇ ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰੀ ਸਕੂਲਾਂ ‘ਚ ਖਾਲੀ ਪਈਆਂ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਛੇਤੀ ਹੀ ਭਰੀਆਂ ਜਾਣਗੀਆਂ। ਮੰਤਰੀ ਨੇ ਕਿਹਾ ਕਿ ਸਿੱਖਿਆ ਨੂੰ ਰੁਜ਼ਗਾਰ ਮੁਖੀ ਬਣਾ ਕੇ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਵੱਲ ਉਤਸ਼ਾਹਤ ਕੀਤਾ ਜਾ ਰਿਹਾ ਹੈ।