ਆਈ.ਪੀ.ਐੱਲ. ‘ਚ ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਗੁਜਰਾਤ ਨੂੰ 163 ਦੌੜਾਂ ਦਾ ਟੀਚਾ ਦਿੱਤਾ ਜਿਸ ਦਾ ਪਿੱਛਾ ਕਰਨ ਉੱਤਰੀ ਗੁਜਰਾਤ ਦੀ ਟੀਮ ਲਈ ਪਾਵਰਪਲੇਅ ਬਹੁਤਾ ਚੰਗਾ ਨਹੀਂ ਰਿਹਾ। ਗੁਜਰਾਤ ਨੇ ਪਾਵਰਪਲੇ ਦੇ 6 ਓਵਰਾਂ ‘ਚ 54 ਦੌੜਾਂ ਬਣਾਈਆਂ ਤੇ ਆਪਣੇ 3 ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿੱਤੀਆਂ ਸਨ। ਪਰ ਸਾਈ ਸੁਦਰਸ਼ਨ ਦੇ ਸ਼ਾਨਦਾਰ ਅਰਧ ਸੈਂਕੜੇ ਸਦਕਾ ਗੁਜਰਾਤ ਨੇ 18.1 ਓਵਰਾਂ ‘ਚ ਹੀ ਟੀਚਾ ਹਾਸਲ ਕਰ ਲਿਆ। ਗੁਜਰਾਤ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਦਿੱਲੀ ਦੀ ਟੀਮ ਨੇ ਕਪਤਾਨ ਵਾਰਨਰ ਦੀ 37, ਅਕਸਰ ਪਟੇਲ ਦੀ 36 ਤੇ ਸਰਫ਼ਰਾਜ਼ ਖ਼ਾਨ ਦੀ 30 ਦੌੜਾਂ ਦੀਆਂ ਪਾਰੀਆਂ ਸਦਕਾ ਨਿਰਧਾਰਿਤ 20 ਓਵਰਾਂ ‘ਚ 8 ਵਿਕਟਾਂ ਗੁਆ ਕੇ 162 ਦੌੜਾਂ ਬਣਾਈਆਂ। ਗੁਜਰਾਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਫ਼ਿਰਕੀ ਗੇਂਦਬਾਜ਼ ਰਾਸ਼ਿਦ ਖ਼ਾਨ ਨੇ 3-3 ਅਤੇ ਅਲਜ਼ਾਰੀ ਜੋਸੇਫ਼ ਨੇ 2 ਵਿਕਟਾਂ ਆਪਣੇ ਨਾਂ ਕੀਤੀਆਂ। ਦਿੱਲੀ ਦੇ ਗੇਂਦਬਾਜ਼ ਨੋਰਟਜੇ ਨੇ ਗੁਜਰਾਤ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ ਬੋਲਡ ਕਰ ਦਿੱਤਾ। ਰਿਧੀਮਾਨ ਸਾਹਾ 7 ਗੇਂਦਾਂ ‘ਚ 14 ਦੌੜਾਂ ਬਣਾ ਕੇ ਉਸ ਦੇ ਪਹਿਲੇ ਸ਼ਿਕਾਰ ਬਣੇ। ਸ਼ਾਨਦਾਰ ਫ਼ਾਰਮ ‘ਚ ਚੱਲ ਰਹੇ ਬੱਲੇਬਾਜ਼ ਸ਼ੁਭਮਨ ਗਿੱਲ ਵੀ 14 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਕਪਤਾਨ ਹਾਰਦਿਕ ਪੰਡਯਾ ਵੀ ਮਹਿਜ਼ 5 ਦੌੜਾਂ ਬਣਾ ਕੇ ਆਊਟ ਹੋ ਗਏ। ਗੁਜਰਾਤ ਦੀ ਟੀਮ 7 ਓਵਰਾਂ ‘ਚ 62 ਦੌੜਾਂ ਜੋੜ ਕੇ 3 ਵਿਕਟਾਂ ਗੁਆ ਚੁੱਕੀ ਸੀ। ਇਸ ਤੋਂ ਬਾਅਦ ਸਾਈ ਸੁਦਰਸ਼ਨ ਤੇ ਵਿਜੇ ਸ਼ੰਕਰ ਨੇ ਜ਼ਿੰਮੇਵਾਰੀ ਭਰੇ ਢੰਗ ਨਾਲ ਬੱਲੇਬਾਜ਼ੀ ਕਰ ਕੇ ਟੀਮ ਦੀ ਪਾਰੀ ਨੂੰ ਸੰਭਾਲਿਆ। ਦੋਹਾਂ ਨੇ 13 ਓਵਰਾਂ ਤੱਕ ਕੋਈ ਵਿਕਟ ਨਹੀਂ ਡਿੱਗਣ ਦਿੱਤੀ ਤੇ ਨਾਲ ਹੀ 50 ਦੌੜਾਂ ਵੀ ਜੋੜ ਲਈਆਂ ਸਨ। ਵਿਜੇ ਸ਼ੰਕਰ ਦੇ 29 ਦੌੜਾਂ ਬਣਾ ਕੇ ਆਊਟ ਹੋਣ ਤੋਂ ਬਾਅਦ ਸਾਈ ਦੀ ਸ਼ਾਨਦਾਰ ਬੱਲੇਬਾਜ਼ੀ ਜਾਰੀ ਰਹੀ। ਸਾਈ ਸੁਦਰਸ਼ਨ ਨੇ 48 ਗੇਂਦਾਂ ‘ਚ 2 ਛੱਕਿਆਂ ਤੇ 4 ਚੌਕਿਆਂ ਦੀ ਬਦੌਲਤ 62 ਦੌੜਾਂ ਦੀ ਸ਼ਾਨਦਾਰ ਅਜੇਤੂ ਪਾਰੀ ਖੇਡੀ। ਉਨ੍ਹਾਂ ਨਾਲ ਡੇਵਿਡ ਮਿਲਰ ਨੇ ਵੀ ਤੇਜ਼ੀ ਨਾਲ ਦੌੜਾਂ ਬਟੋਰੀਆਂ ਤੇ 16 ਗੇਂਦਾਂ ‘ਚ 31 ਦੌੜਾਂ ਦੀ ਅਜੇਤੂ ਪਾਰੀ ਖੇਡੀ। ਟੀਮ ਨੇ 18.1 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ਨਾਲ 163 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ।