ਲਖਨਊ ਜਾਇੰਟਸ ਨੇ ਸਨਰਾਈਜਰਜ਼ ਹੈਰਾਬਾਦ ਖ਼ਿਲਾਫ਼ ਆਈ.ਪੀ.ਐੱਲ. ਦੇ 58ਵੇਂ ਮੈਚ ‘ਚ ਧਮਾਕੇਦਾਰ ਜਿੱਤ ਦਰਜ ਕੀਤੀ ਹੈ। ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਦੇ ਸਾਹਮਣੇ 183 ਦੌੜਾਂ ਦਾ ਟੀਚਾ ਰੱਖਿਆ ਸੀ ਜਿਸਨੂੰ ਲਖਨਊ 7 ਵਿਕਟਾਂ ਦੇ ਨੁਕਸਾਨ ‘ਤੇ 19.2 ਓਵਰਾਂ ‘ਚ ਹਾਸਲ ਕਰ ਲਿਆ। ਇਸਦੇ ਨਾਲ ਹੀ ਲਖਨਊ ਨੇ 12 ਮੈਚਾਂ ‘ਚ 13 ਅੰਕ ਹਾਸਲ ਕਰਦੇ ਹੋਏ ਅੰਕ ਸੂਚੀ ‘ਚ ਹੁਣ ਚੌਥੇ ਨੰਬਰ ‘ਤੇ ਥਾਂ ਬਣਾ ਲਈ ਹੈ। ਉਥੇ ਹੀ ਹੈਦਰਾਬਾਦ ਹੁਣ ਪਲੇਆਫ ਦੀ ਦੌੜ ‘ਚੋਂ ਲਗਭਗ ਬਾਹਰ ਹੋ ਗਈ ਹੈ। ਹੈਦਰਾਬਾਦ ਦੀ 11 ਮੈਂਚਾਂ ‘ਚ 7ਵੀਂ ਹਾਰ ਰਹੀ। ਉਹ 8 ਅੰਕਾਂ ਦੇ ਨਾਲ ਹੇਠਲੇ ਸਥਾਨ ‘ਤੇ ਹੈ। ਇਸ ਤੋਂ ਪਹਿਲਾਂ ਹੈਦਰਾਬਾਦ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਹੇਨਰਿਕ ਕਲਾਸੇਨ (29 ਗੇਂਦ ‘ਚ 47 ਦੌੜਾਂ) ਅਤੇ ਅਬੱਦੁਲ ਸਮਦ (25 ਗੇਂਦਾਂ ‘ਚ 37 ਦੌੜਾਂ) ਦੇ ਵਿਚਾਲੇ ਹੋਈ 58 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਲਖਨਊ ਦੇ ਸਾਹਮਣੇ 183 ਦੌੜਾਂ ਦਾ ਟੀਚਾ ਰੱਖਿਆ। ਸਨਰਾਈਜ਼ਰਜ਼ ਨੇ ਤੇਜ਼ ਸ਼ੁਰੂਆਤ ਕੀਤੀ। ਅਭਿਸ਼ੇਕ ਸ਼ਰਮਾ 5 ਗੇਂਦਾਂ ‘ਤੇ 7 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਰਾਹੁਲ ਤ੍ਰਿਪਾਠੀ 13 ਗੇਂਦਾਂ ‘ਚ 4 ਚੌਕਿਆਂ ਦੀ ਮਦਦ ਨਾਲ 20 ਦੌੜਾਂ ਹੀ ਬਣਾ ਸਕੇ। ਅਨਮੋਲਪ੍ਰੀਤ ਸਿੰਘ ਨੇ ਹਾਲਾਂਕਿ ਧਮਾਕੇਦਾਰ ਬੱਲੇਬਾਜ਼ੀ ਜਾਰੀ ਰੱਖੀ ਅਤੇ ਸਨਰਾਈਜ਼ਰਜ਼ ਨੂੰ ਪਾਵਰਪਲੇ ‘ਚ 56 ਦੌੜਾਂ ਤਕ ਪਹੁੰਚਾਇਆ। ਉਨ੍ਹਾਂ ਨੇ 9ਵੇਂ ਓਵਰ ‘ਚ ਅਮਿਤ ਮਿਸ਼ਰਾ ਨੂੰ ਇਕ ਛੱਕਾ ਜੜਿਆ ਪਰ ਅਗਲੀ ਹੀ ਗੇਂਦ ‘ਤੇ ਉਹ ਮਿਸ਼ਰਾ ਨੂੰ ਕੈਚ ਫੜ੍ਹਾ ਬੈਠੇ। ਅਨਮੋਲਪ੍ਰੀਤ ਨੇ 27 ਗੇਂਦਾਂ ‘ਚ 7 ਚੌਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ। ਉਨ੍ਹਾਂ ਦੀ ਵਿਕਟ ਡਿੱਗਣ ਤੋਂ ਬਾਅਦ ਕਪਤਾਨ ਐਡਨ ਮਾਰਕਰਮ ਅਤੇ ਕਲਾਸੇਨ ਸਨਰਾਈਜ਼ਰਜ਼ ਨੂੰ 200 ਦੌੜਾਂ ਵੱਲ ਲੈ ਕੇ ਜਾ ਸਕਦੇ ਸਨ ਪਰ ਲਖਨਊ ਦੇ ਕਪਤਾਨ ਕਰੁਣਾਲ ਪੰਡਯਾ ਨੇ ਕਸੀ ਹੋਈ ਗੇਂਦਬਾਜ਼ੀ ਕਰਕੇ ਵਿਰੋਧੀ ਟੀਮ ‘ਤੇ ਰੋਕ ਲਗਾਈ।