ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈ.ਸੀ.ਸੀ.) ਵੱਲੋਂ ਇਕ ਰੋਜ਼ਾ ਕੌਮਾਂਤਰੀ ਮੈਚਾਂ ਦੀ ਜਾਰੀ ਕੀਤੀ ਗਈ ਰੈਂਕਿੰਗ ‘ਚ ਇੰਡੀਆ ਪਾਕਿਸਤਾਨ ਤੋਂ ਬਾਅਦ ਤੀਜੇ ਸਥਾਨ ‘ਤੇ ਖਿਸਕ ਗਿਆ ਹੈ ਜਦਕਿ ਆਸਟਰੇਲੀਆ ਪਹਿਲੇ ਸਥਾਨ ‘ਤੇ ਬਰਕਰਾਰ ਹੈ। ਰੈਂਕਿੰਗ ‘ਚ ਸਾਲਾਨਾ ਅਪਡੇਟ ਮਗਰੋਂ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਆਸਟਰੇਲੀਆ ਨੇ ਆਪਣੀ ਰੇਟਿੰਗ ‘ਚ ਪੰਜ ਅੰਕ ਦਾ ਸੁਧਾਰ ਕੀਤਾ ਹੈ। ਟੀਮ ਦੇ ਨਾਮ ਹੁਣ 118 ਰੇਟਿੰਗ ਅੰਕ ਹਨ। ਪਾਕਿਸਤਾਨ 116 ਰੇਟਿੰਗ ਅੰਕ ਨਾਲ ਦੂਜੇ ਅਤੇ 115 ਰੇਟਿੰਗ ਅੰਕ ਨਾਲ ਇੰਡੀਆ ਤੀਜੇ ਸਥਾਨ ‘ਤੇ ਹੈ। ਆਈ.ਸੀ.ਸੀ. ਅਨੁਸਾਰ, ‘ਸਾਲਾਨਾ ਅਪਡੇਟ ਤੋਂ ਪਹਿਲਾਂ ਆਸਟਰੇਲੀਆ 113 ਅੰਕਾਂ ਨਾਲ ਸਿਖਰਲੇ ਸਥਾਨ ‘ਤੇ ਸੀ ਅਤੇ ਦਸ਼ਮਲਵ ਦੇ ਫ਼ਰਕ ਨਾਲ ਭਾਰਤ ਦੂਜੇ ਸਥਾਨ ‘ਤੇ ਸੀ। ਪਾਕਿਸਤਾਨ 112 ਅੰਕ ਨਾਲ ਤੀਜੇ ਸਥਾਨ ‘ਤੇ ਸੀ ਪਰ ਨਿਊਜ਼ੀਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ਦੇ ਚੌਥੇ ਇਕ ਰੋਜ਼ਾ ਮੈਚ ‘ਚ ਜਿੱਤ ਦੇ ਬਾਅਦ ਉਹ ਕੁਝ ਸਮੇਂ ਲਈ ਸਿਖਰਲੇ ਸਥਾਨ ‘ਤੇ ਪਹੁੰਚਿਆ ਸੀ।’ ਪਾਕਿਸਤਾਨ ਜੇਕਰ ਪੰਜਵੇਂ ਦਿਨ ਇਕ ਰੋਜ਼ਾ ਮੈਚ ਜਿੱਤ ਲੈਂਦਾ ਤਾਂ ਉਹ ਸੂਚੀ ‘ਚ ਸਿਖਰਲੇ ਸਥਾਨ ‘ਤੇ ਬਰਕਰਾਰ ਰਹਿੰਦਾ ਪਰ ਨਿਊਜ਼ੀਲੈਂਡ ਨੇ ਇਸ ਮੁਕਾਬਲੇ ਨੂੰ ਜਿੱਤ ਕੇ ਉਸ ਦਾ ਵਿਸ਼ਵ ਦੀ ਨੰਬਰ ਇਕ ਟੀਮ ਬਣਨ ਦਾ ਸੁਫ਼ਨਾ ਤੋੜ ਦਿੱਤਾ।