ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ 7 ਜੂਨ ਤੋਂ ਹੋਣ ਵਾਲੇ ਵਰਲਡ ਟੈਸਟ ਚੈਂਪੀਅਨਸ਼ਿਪ ਫ਼ਾਈਨਲ ਤੋਂ ਪਹਿਲਾਂ ਕ੍ਰਿਕਟ ਨਿਯਮਾਂ ‘ਚ ਕੁਝ ਮਹੱਤਵਪੂਰਨ ਬਦਲਾਅ ਕੀਤੇ ਹਨ। ਇਨ੍ਹਾਂ ‘ਚੋਂ ਸਭ ਤੋਂ ਅਹਿਮ ਬਦਲਾਅ ਇਹ ਹੋਇਆ ਹੈ ਕਿ ਹੁਣ ਸਾਫ਼ਟ ਸਿਗਨਲ ਨਿਯਮ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਆਈ.ਸੀ.ਸੀ. ਨੇ ਜਾਰੀ ਇਕ ਬਿਆਨ ‘ਚ ਕਿਹਾ ਕਿ ਇਹ ਫ਼ੈਸਲਾ ਸੌਰਵ ਗਾਂਗੁਲੀ ਦੀ ਅਗਵਾਈ ਵਾਲੀ ਪੁਰਸ਼ ਕ੍ਰਿਕਟ ਕਮੇਟੀ ਅਤੇ ਮਹਿਲਾ ਕ੍ਰਿਕਟ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਲਿਆ ਗਿਆ ਹੈ। ਸਾਫ਼ਟ ਸਿਗਨਲ ਨਿਯਮ ਮੁਤਾਬਕ, ਮੈਦਾਨ ‘ਤੇ ਮੌਜੂਦ ਅੰਪਾਇਰ ਥਰਡ ਅੰਪਾਇਰ ਦੀ ਮਦਦ ਲੈਣ ਤੋਂ ਪਹਿਲਾਂ ਸ਼ੱਕੀ ਕੈਚ ‘ਤੇ ਆਪਣਾ ਫ਼ੈਸਲਾ ਦੱਸਦਾ ਹੈ। ਜੇਕਰ ਥਰਡ ਅੰਪਾਇਰ ਵੀ ਫੁਟੇਜ ਦੇਖਣ ਤੋਂ ਬਾਅਦ ਕਿਸੇ ਸਪੱਸ਼ਟ ਫ਼ੈਸਲੇ ‘ਤੇ ਨਹੀਂ ਪਹੁੰਚ ਸਕਦਾ ਤਾਂ ਉਹ ‘ਸਾਫ਼ਟ ਸਿਗਨਲ’ ਦੇ ਪੱਖ ‘ਚ ਹੀ ਫ਼ੈਸਲਾ ਦਿੰਦਾ ਹੈ। ਨਿਯਮ ਬਦਲਣ ਤੋਂ ਬਾਅਦ ਮੈਦਾਨ ‘ਤੇ ਮੌਜੂਦ ਅੰਪਾਇਰ ਸਾਫ਼ਟ ਸਿਗਨਲ ਨਹੀਂ ਦੇ ਸਕਣਗੇ। ਆਈ.ਸੀ.ਸੀ. ਨੇ ਕਿਹਾ, ‘ਫ਼ੀਲਡ ਅੰਪਾਇਰ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਟੀ.ਵੀ. ਅੰਪਾਇਰ ਨਾਲ ਸਲਾਹ ਕਰਨਗੇ।’ ਗਾਂਗੁਲੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ‘ਚ ਹੋਈ ਕ੍ਰਿਕਟ ਪ੍ਰੀਸ਼ਦ ਦੀਆਂ ਮੀਟਿੰਗਾਂ ‘ਚ ਵੀ ਸਾਫ਼ਟ ਸਿਗਨਲ ‘ਤੇ ਵਿਚਾਰ ਕੀਤਾ ਜਾ ਚੁੱਕਿਆ ਹੈ। ਕਮੇਟੀ ਨੇ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਅਤੇ ਸਿੱਟਾ ਕੱਢਿਆ ਕਿ ਸਾਫ਼ਟ ਸਿਗਨਲ ਬੇਲੋੜੇ ਸਨ। ਉਹ ਕਈ ਵਾਰ ਗੁੰਮਰਾਹ ਕਰਨ ਵਾਲੇ ਸਨ ਕਿਉਂਕਿ ਰੀਪਲੇਅ ‘ਚ ਕੈਚਾਂ ਨੂੰ ਸਪਸ਼ਟ ਤੌਰ ‘ਤੇ ਸਹੀ ਨਹੀਂ ਠਹਿਰਾਇਆ ਜਾ ਸਕਦਾ ਸੀ। ਇਸ ਦੌਰਾਨ ਆਈ.ਸੀ.ਸੀ. ਨੇ ਉੱਚ ਜੋਖ਼ਿਮ ਵਾਲੇ ਖੇਤਰਾਂ ‘ਚ ਖਿਡਾਰੀਆਂ ਲਈ ਹੈਲਮੇਟ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਨਵੇਂ ਨਿਯਮਾਂ ਦੇ ਮੁਤਾਬਕ ਜੇਕਰ ਕਿਸੇ ਖਿਡਾਰੀ ਨੂੰ ਤੇਜ਼ ਗੇਂਦਬਾਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਸ ਲਈ ਹੈਲਮੇਟ ਪਹਿਨਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਜੇਕਰ ਵਿਕਟਕੀਪਰ ਸਟੰਪ ਦੇ ਨੇੜੇ ਖੜ੍ਹਾ ਹੈ ਜਾਂ ਕੋਈ ਫੀਲਡਰ ਬੱਲੇਬਾਜ਼ ਦੇ ਬਿਲਕੁਲ ਨੇੜੇ ਖੜ੍ਹਾ ਹੈ ਤਾਂ ਉਸ ਲਈ ਹੈਲਮੇਟ ਪਹਿਨਣਾ ਲਾਜ਼ਮੀ ਹੈ। ਗਾਂਗੁਲੀ ਨੇ ਕਿਹਾ, ‘ਅਸੀਂ ਖਿਡਾਰੀਆਂ ਦੀ ਸੁਰੱਖਿਆ ਬਾਰੇ ਵੀ ਚਰਚਾ ਕੀਤੀ, ਜੋ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਕਮੇਟੀ ਨੇ ਫ਼ੈਸਲਾ ਕੀਤਾ ਕਿ ਖਿਡਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੁਝ ਸਥਿਤੀਆਂ ‘ਚ ਹੈਲਮੇਟ ਦੀ ਵਰਤੋਂ ਨੂੰ ਲਾਜ਼ਮੀ ਬਣਾਉਣਾ ਸਭ ਤੋਂ ਵਧੀਆ ਹੈ। ਆਈ.ਸੀ.ਸੀ. ਨੇ ਫਰੀ ਹਿੱਟ ਨਿਯਮ ‘ਚ ਵੀ ਮਾਮੂਲੀ ਬਦਲਾਅ ਕਰਦੇ ਹੋਏ ਕਿਹਾ ਕਿ ਜੇਕਰ ਫਰੀ ਹਿੱਟ ‘ਤੇ ਗੇਂਦ ਸਟੰਪ ‘ਤੇ ਲੱਗ ਜਾਂਦੀ ਹੈ ਤਾਂ ਦੌੜ ਕੇ ਲਈਆਂ ਗਈਆਂ ਦੌੜਾਂ ਨੂੰ ਬੱਲੇਬਾਜ਼ ਦੇ ਸਕੋਰ ‘ਚ ਜੋੜਿਆ ਜਾਵੇਗਾ। ਇਹ ਬਦਲਾਅ 1 ਜੂਨ, 2023 ਨੂੰ ਇੰਗਲੈਂਡ ਅਤੇ ਆਇਰਲੈਂਡ ਵਿਚਾਲੇ ਹੋਣ ਵਾਲੇ ਲਾਰਡਸ ਟੈਸਟ ਤੋਂ ਲਾਗੂ ਹੋਣਗੇ। ਇੰਡੀਆ ਅਤੇ ਆਸਟਰੇਲੀਆ ਵਿਚਾਲੇ 7 ਜੂਨ ਨੂੰ ਲੰਡਨ ਦੇ ਓਵਲ ਮੈਦਾਨ ‘ਤੇ ਸ਼ੁਰੂ ਹੋਣ ਵਾਲਾ ਅਗਲਾ ਡਬਲਿਊ.ਟੀ.ਸੀ. ਫਾਈਨਲ ਵੀ ਇਨ੍ਹਾਂ ਨਵੇਂ ਨਿਯਮਾਂ ਤਹਿਤ ਖੇਡਿਆ ਜਾਵੇਗਾ।