ਆਕਲੈਂਡ ‘ਚ ਭਾਰਤੀ ਮੂਲ ਦੇ ਵਿਅਕਤੀ ਦੀ ਚਾਕੂ ਮਾਰ ਕੇ ਕੀਤੀ ਹੱਤਿਆ ਤੋਂ ਨਿਊਜ਼ੀਲੈਂਡ ਪੁਲੀਸ ਨੇ ਤਲਾਸ਼ੀ ਮੁਹਿੰਮ ਚਲਾਕੇ ਦੋ ਸ਼ੱਕੀ ਗ੍ਰਿਫ਼ਤਾਰ ਕੀਤੇ ਹਨ। 34 ਸਾਲਾ ਭਾਰਤੀ ਮੂਲ ਦਾ ਜਨਕ ਪਟੇਲ ਡੇਅਰੀ ਵਰਕਰ ਵਜੋਂ ਕੰਮ ਕਰਦਾ ਸੀ। ਪੁਲੀਸ ਨੇ ਦੱਸਿਆ ਕਿ ਜਨਕ ਪਟੇਲ ਆਕਲੈਂਡ ਦੇ ਸੈਂਡਰਿੰਘਮ ‘ਚ ਰੋਜ਼ ਕਾਟੇਜ ਸੁਪਰੇਟ ਡੇਅਰੀ ‘ਚ ਕੰਮ ਕਰਦੇ ਸਨ, ਬੁੱਧਵਾਰ ਰਾਤ ਇਕ ਚੋਰ ਸਟੋਰ ‘ਚ ਦਾਖ਼ਲ ਹੋਇਆ ਅਤੇ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲੈ ਗਿਆ। ਜਨਕ ਨੇ ਚੋਰ ਦਾ 100 ਮੀਟਰ ਤੱਕ ਪਿੱਛਾ ਕੀਤਾ ਅਤੇ ਲਲਕਾਰਿਆ, ਜਿਸ ‘ਤੇ ਚੋਰ ਅਤੇ ਉਸ ਦੇ ਸਾਥੀ ਨੇ ਚਾਕੂ ਕੱਢ ਲਿਆ ਅਤੇ ਜਨਕ ‘ਤੇ ਕਈ ਵਾਰ ਕੀਤੇ। ਗੰਭੀਰ ਰੂਪ ‘ਚ ਜ਼ਖ਼ਮੀ ਜਨਕ ਵਾਪਸ ਡੇਅਰੀ ਵੱਲ ਆਇਆ ਅਤੇ ਉਸ ਨੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ। ਬਾਅਦ ‘ਚ ਹਸਪਤਾਲ ‘ਚ ਜਨਕ ਦੀ ਮੌਤ ਹੋ ਗਈ। ਇਕ ਇੰਗਲਿਸ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਦੋ ਵਿਅਕਤੀਆਂ ਵਿੱਚੋਂ ਇਕ 34 ਸਾਲਾ ਵਿਅਕਤੀ ‘ਤੇ ਕਤਲ ਅਤੇ ਡਕੈਤੀ ਦਾ ਦੋਸ਼ ਲਗਾਇਆ ਗਿਆ ਹੈ, ਜਦੋਂ ਕਿ ਇਕ 42 ਸਾਲਾ ਵਿਅਕਤੀ ‘ਤੇ ਡਕੈਤੀ ਦਾ ਦੋਸ਼ ਲਗਾਇਆ ਗਿਆ ਹੈ। ਦੋਵਾਂ ਵਿਅਕਤੀਆਂ ਨੂੰ ਸ਼ਨੀਵਾਰ ਨੂੰ ਆਕਲੈਂਡ ਜ਼ਿਲ੍ਹਾ ਅਦਾਲਤ ‘ਚ ਪੇਸ਼ ਕੀਤਾ ਗਿਆ। ਪੁਲੀਸ ਆਪਣੀ ਜਾਂਚ ਦੇ ਹਿੱਸੇ ਵਜੋਂ ਕਤਲੇਆਮ ਨਾਲ ਜੁੜੀ ਮੰਨੀ ਜਾਂਦੀ ਗੂੜ੍ਹੇ ਰੰਗ ਦੀ ਇਕ ਹੌਂਡਾ ਇੰਸਪਾਇਰ ਦੀ ਵੀ ਭਾਲ ਕਰ ਰਹੀ ਹੈ। ਪੁਲੀਸ ਨੇ ਕਿਹਾ ਕਿ ਘਟਨਾ ਵਾਪਰਨ ਤੋਂ ਪਹਿਲਾਂ ਇਸ ਨੂੰ ਇਲਾਕੇ ‘ਚ ਕਈ ਵਾਰ ਦੇਖਿਆ ਗਿਆ ਸੀ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ, ਜਿਸ ਦੇ ਹਲਕੇ ‘ਚ ਡੇਅਰੀ ਆਉਂਦੀ ਹੈ, ਨੇ ਵੀ ਇਸ ਘਟਨਾ ‘ਤੇ ਅਫ਼ਸੋਸ ਜਤਾਇਆ ਹੈ। ਇਸ ਤੋਂ ਇਲਾਵਾ ਭਾਰਤੀ ਮੂਲ ਦੇ ਨਿਊਜ਼ੀਲੈਂਡ ਰਹਿੰਦੇ ਲੋਕਾਂ ‘ਚ ਵੀ ਇਸ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ।