ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਨੱਕੀਆਂ (ਸ੍ਰੀ ਕੀਰਤਪੁਰ ਸਾਹਿਬ) ਸਥਿਤ ਟੌਲ ਪਲਾਜ਼ੇ ਨੂੰ ਪੱਕੇ ਤੌਰ ‘ਤੇ ਬੰਦ ਕਰਵਾ ਦਿੱਤਾ ਹੈ। ਹੁਣ ਲੋਕ ਟੌਲ ਟੈਕਸ ਦਿੱਤੇ ਬਿਨਾਂ ਇਸ ਮਾਰਗ ਤੋਂ ਮੁਫ਼ਤ ‘ਚ ਲੰਘ ਸਕਣਗੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਹਲਕਾ ਆਨੰਦਪੁਰ ਸਾਹਿਬ ਦੇ ਵਿਧਾਇਕ ਹਰਜੋਤ ਸਿੰਘ ਬੈਂਸ, ਰੂਪਨਗਰ ਤੋਂ ‘ਆਪ’ ਵਿਧਾਇਕ ਦਿਨੇਸ਼ ਚੱਢਾ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਪਾਰਟੀ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਵੀ ਹਾਜ਼ਰ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਟੌਲ ਪਲਾਜ਼ਾ ਬੰਦ ਹੋਣ ਨਾਲ ਜਨਤਾ ਦਾ ਰੋਜ਼ਾਨਾ ਕਰੀਬ 12 ਲੱਖ ਰੁਪਏ ਬਚੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਟੌਲ ਕਾਂਗਰਸ ਸਰਕਾਰ ਦੀ ਦੇਣ ਹਨ ਅਤੇ ਅਕਾਲੀਆਂ ਨੇ ਇਸ ਨੂੰ ਹੱਲਾਸ਼ੇਰੀ ਦਿੱਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਚਾਰ ਹੋਰ ਟੌਲ ਪਲਾਜ਼ਾ ਲੱਗਣ ਜਾ ਰਹੇ ਸਨ, ਜਿਹੜੇ ਅਸੀਂ ਲੱਗਣ ਨਹੀਂ ਦਿੱਤੇ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਇਸ ਟੌਲ ਦੀ ਮਿਆਦ ਅੱਗੇ ਵਧਾਉਣ ਲਈ ਜੋ ਵੀ ਸਮਝੌਤੇ ਕੀਤੇ ਗਏ, ਉਸ ਲਈ ਕਾਰਵਾਈ ਹੋਵੇਗੀ। ‘ਪੰਜਾਬ ਸਰਕਾਰ ਨੇ ਇਸ ਕੰਪਨੀ ਤੋਂ 67 ਕਰੋੜ ਰੁਪਏ ਵੀ ਵਸੂਲਣੇ ਹਨ ਜੋ ਇਸ ਸੜਕ ਦੀ ਮੁਰੰਮਤ ਕਰਨ ਲਈ ਵਰਤੇ ਜਾਣਗੇ।’ ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸਕ ਧਰਤੀ ਸ੍ਰੀ ਆਨੰਦਪੁਰ ਸਾਹਿਬ ਨੂੰ ਸਰਕਾਰ ਵੱਡੇ ਪੱਧਰ ‘ਤੇ ਟੂਰਿਜ਼ਮ ਹੱਬ ਵਜੋਂ ਵਿਕਸਤ ਕਰ ਰਹੀ ਹੈ। ਉਨ੍ਹਾਂ ਕਿਹਾ, ‘ਸ੍ਰੀ ਆਨੰਦਪੁਰ ਸਾਹਿਬ ਏਰੀਆ ਸਭ ਤੋਂ ਸੁੰਦਰ ਹੈ। ਇਸ ਇਲਾਕੇ ‘ਚ ਇਕ ਫਿਲਮ ਸਿਟੀ ਬਣਾਉਣ ਦੀ ਯੋਜਨਾ ਵਿਚਾਰ ਅਧੀਨ ਹੈ ਤਾਂ ਜੋ ਇਥੇ ਬੌਲੀਵੁੱਡ ਅਤੇ ਪੰਜਾਬੀ ਦੀਆਂ ਫਿਲਮਾਂ ਦੀ ਸ਼ੂਟਿੰਗ ਹੋ ਸਕੇ। ਫਿਲਮ ਸਿਟੀ ਆਉਣ ਨਾਲ ਹੋਟਲ ਰੁਜ਼ਗਾਰ ਵਧੇਗਾ। ਰਣਜੀਤ ਸਾਗਰ ਡੈਮ ਵਿਚ 16 ਏਕੜ ਦਾ ਜਿਹੜਾ ਏਰੀਆ ਹੈ, ਉਸ ਨੂੰ ਵੀ ਵਿਕਸਤ ਕੀਤਾ ਜਾਵੇਗਾ।’ ਉਨ੍ਹਾਂ ਦੱਸਿਆ ਕਿ ਸ੍ਰੀ ਨੈਣਾ ਦੇਵੀ ਅਤੇ ਪਠਾਨਕੋਟ ਤੋਂ ਡਲਹੌਜ਼ੀ ਨੂੰ ਰੋਪਵੇਅ ਨਾਲ ਜਲਦੀ ਜੋੜਿਆ ਜਾ ਰਿਹਾ ਹੈ। ਕਿਸਾਨਾਂ ਦੀ ਫਸਲ ਖ਼ਰਾਬੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਵਿਸਾਖੀ ਤੱਕ ਕਿਸਾਨਾਂ ਨੂੰ ਮੁਆਵਜ਼ਾ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਅਧਿਕਾਰੀ ਕਿਸੇ ਵਿਸ਼ੇਸ਼ ਵਿਅਕਤੀ ਦੇ ਘਰ ਬੈਠ ਕੇ ਗਿਰਦਾਵਰੀ ਨਹੀਂ ਕਰੇਗਾ ਅਤੇ ਜਿਹੜਾ ਕਿਸਾਨ ਠੇਕੇ ‘ਤੇ ਜ਼ਮੀਨ ਵਾਹ ਕੇ ਫ਼ਸਲ ਬੀਜ ਰਿਹਾ ਸੀ, ਉਸ ਨੂੰ ਹੀ ਮੁਆਵਜ਼ਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਰੂਰਲ ਵਿਕਾਸ ਫੰਡ ਰਿਲੀਜ਼ ਕਰਨ ਲਈ ਲਿਖ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਉਕਤ ਰਾਸ਼ੀ ਦੀ ਗਲਤ ਵਰਤੋਂ ਕੀਤੀ ਸੀ ਜਿਸ ਕਰਕੇ ਹੁਣ ਫੰਡ ਰਿਲੀਜ਼ ਨਹੀਂ ਹੋ ਰਹੇ ਹਨ।