ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਨੂੰ ਗ੍ਰਿਫ਼ਤਾਰ ਕਰਨ ਲਈ ਚੱਲ ਰਹੇ ਆਪਰੇਸ਼ਨ ਅੰਮ੍ਰਿਤਪਾਲ ਸਿੰਘ 16ਵੇਂ ਦਿਨ ‘ਚ ਦਾਖ਼ਲ ਹੋਣ ‘ਤੇ ਵੀ ਗ੍ਰਿਫ਼ਤਾਰੀ ਸੰਭਵ ਨਹੀਂ ਹੋ ਸਕੀ ਹੈ। ਉਂਝ ਹੁਣ ਅੰਮ੍ਰਿਤਪਾਲ ਸਿੰਘ ਦੀਆਂ ਹੁਸ਼ਿਆਰਪੁਰ ਨਾਲ ਵੀ ਤਾਰਾਂ ਜੁੜਦੀਆਂ ਵਿਖਾਈ ਦੇਣ ਲੱਗੀਆਂ ਹਨ। ਹੁਸ਼ਿਆਰਪੁਰ ਦੇ ਪਿੰਡ ਮਰਨਾਈਆਂ ‘ਚ ਪੁਲੀਸ ਵੱਲੋਂ ਲਗਾਤਾਰ ਚਾਰ ਤਲਾਸ਼ੀ ਮੁਹਿੰਮ ਚਲਾਈ ਗਈ। ਸ਼ਨੀਵਾਰ ਪਿੰਡ ਮਰਨਾਈਆਂ ‘ਚੋਂ ਕੁਝ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਉਣ ਲੱਗੀਆਂ ਹਨ ਜਿੱਥੇ 28 ਮਾਰਚ ਨੂੰ ਦੇਰ ਰਾਤ ਇਕ ਇਨੋਵਾ ਕਾਰ ਆਕੇ ਰੁਕੀ ਸੀ। ਇਸ ਗੱਲ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਉਸ ਕਾਰ ‘ਚ ਅੰਮ੍ਰਿਤਪਾਲ ਅਤੇ ਉਸ ਦਾ ਸਾਥੀ ਪਪਲਪ੍ਰੀਤ ਸਨ। ਪੁਲੀਸ ਨੇ ਇਲਾਕੇ ਦੀ ਕਾਫ਼ੀ ਤਲਾਸ਼ੀ ਲਈ ਪਰ ਉਸ ਨੂੰ ਸਫ਼ਲਤਾ ਨਹੀਂ ਮਿਲੀ। ਜਦਕਿ ਸੀ.ਸੀ. ਟੀ.ਵੀ. ਫੁਟੇਜ ਸਾਹਮਣੇ ਆਉਣ ‘ਤੇ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਬੀਤੇ ਦਿਨੀਂ ਲੁਧਿਆਣਾ ਤੋਂ ਗੱਡੀ ਦੇ ਡਰਾਈਵਰ ਜੋਗਾ ਸਿੰਘ ਨੂੰ ਲੁਧਿਆਣਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਸ਼ਨੀਵਾਰ ਨਵੀਂ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਹੋਰ ਵੀ ਗੰਭੀਰ ਹੋ ਗਿਆ। ਇਸ ‘ਚ ਦੋ ਨੌਜਵਾਨ ਵਿਖਾਈ ਦੇ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਹੋ ਸਕਦੇ ਹਨ। ਇਹ ਸੀ.ਸੀ.ਟੀ.ਵੀ. ਫੁਟੇਜ ਮਰਨਾਈਆਂ ਤੋਂ ਮਹਿਜ਼ 1.5 ਕਿਲੋਮੀਟਰ ਦੂਰ ਡੇਰਾ ਤਪੋਵਨ ਦੀ ਦੱਸੀ ਜਾ ਰਹੀ ਹੈ ਜੋ ਕਿ ਪਿੰਡ ਤਨੁਲੀ ‘ਚ ਸਥਿਤ ਹੈ। ਜੋ ਇਹ ਤਸਵੀਰਾਂ ਵਾਇਰਲ ਹੋਈਆਂ ਹਨ ਇਨ੍ਹਾਂ ‘ਚ ਇਕ ਨੌਜਵਾਨ ਆਉਂਦਾ ਵਿਖਾਈ ਦੇ ਰਿਹਾ ਹੈ ਅਤੇ ਇਕ ਨੌਜਵਾਨ ਬਾਅਦ ‘ਚ ਸੜਕ ਵੱਲੋਂ ਆਉਂਦਾ ਵਿਖਾਈ ਦਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਉਹ ਨੌਜਵਾਨ ਅੰਮ੍ਰਿਤਪਾਲ ਸੀ ਅਤੇ ਜੋ ਨੌਜਵਾਨ ਅੰਦਰ ਘੁੰਮਦਾ ਵਿਖਾਈ ਉਹ ਪਪਲਪ੍ਰੀਤ ਸੀ। ਇਹ ਸੀ.ਸੀ.ਟੀ.ਵੀ. ਫੁਟੇਜ 29 ਮਾਰਚ ਦੀ ਦੱਸੀ ਜਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ 28 ਮਾਰਚ ਦੀ ਰਾਤ ਤੋਂ ਹੀ 4 ਜ਼ਿਲ੍ਹਿਆਂ ਦੀ ਪੁਲੀਸ ਵੱਲੋਂ ਪਿੰਡ ਮਰਨਾਈਆਂ ਨੂੰ ਘੇਰਾ ਪਾ ਲਿਆ ਗਿਆ ਸੀ ਅਤੇ ਹਰ ਛੋਟੀ-ਮੋਟੀ ਚੀਜ਼ ਦੀ ਜਾਂਚ ਕੀਤੀ ਜਾ ਰਹੀ ਸੀ। ਅਜਿਹੇ ‘ਚ ਦੋਵੇਂ ਇਸ ਜਗ੍ਹਾ ਤੋਂ ਕਿਵੇਂ ਫਰਾਰ ਹੋ ਗਏ ਕਿਉਂਕਿ ਸੀਨੀਅਰ ਪੁਲੀਸ ਅਧਿਕਾਰੀ ਵੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੇ ਸਨ। ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ ਅਤੇ ਇਥੇ ਪੁਲੀਸ ਦੀਆਂ ਏਜੰਸੀਆਂ ਕੰਮ ਕਰ ਰਹੀਆਂ ਸਨ। ਅਜਿਹੇ ‘ਚ ਉਹ ਇਥੋਂ ਕਿਧਰ ਫਰਾਰ ਹੋ ਗਿਆ। ਇਹ ਸੋਚਣ ਵਾਲੀ ਗੱਲ ਹੈ। ਹੁਣ ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਥੋਂ ਚਲੇ ਜਾਣ ਤੋਂ ਬਾਅਦ ਹੀ ਅੰਮ੍ਰਿਤਪਾਲ ਦੀ ਵੀਡੀਓ ਵਾਇਰਲ ਹੋਈ ਸੀ। ਇਸੇ ਦੌਰਾਨ ਪੰਜਾਬ ਪੁਲੀਸ ਪੀਲੀਭੀਤ ਪੁੱਜੀ ਜਿੱਥੇ ਇਕ ਗੁਰਦੁਆਰੇ ‘ਚ ਅੰਮ੍ਰਿਤਪਾਲ ਸਿੰਘ ਦੇ ਰੁਕ ਹੋਣ ਦੀ ਸੂਚਨਾ ਮਿਲੀ। ਪੁਲੀਸ ਹੁਣ ਪੀਲੀਭੀਤ ‘ਚ ਲੋਕਾਂ ਤੋਂ ਇਸ ਬਾਰੇ ਪੁੱਛਗਿੱਛ ਕਰ ਰਹੀ ਹੈ।