ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜਲੰਧਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ‘ਤੇ ਤਿੱਖੇ ਸ਼ਬਦੀ ਹਮਲੇ ਬੋਲੇ। ਉਨ੍ਹਾਂ ਕਿਹਾ ਕਿ ਜਿਵੇਂ ਅੰਗਰੇਜ਼ਾਂ ਨੇ ‘ਫੁੱਟ ਪਾਓ ਤੇ ਰਾਜ ਕਰੋ’ ਦੀ ਨੀਤੀ ਬਣਾ ਕੇ ਦੇਸ਼ ‘ਚ ਰਾਜ ਕੀਤਾ, ਉਸੇ ਤਰ੍ਹਾਂ ‘ਆਪ’ ਵੀ ਜਲੰਧਰ ਲੋਕ ਸਭਾ ਚੋਣ ਜਿੱਤਣ ਲਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਸੱਤਾ ‘ਚ ਹੋਣ ਅਤੇ 92 ਵਿਧਾਇਕਾਂ ਦੇ ਬਾਵਜੂਦ ਇਸ ਪਾਰਟੀ ਨੂੰ ਕੋਈ ਹੋਰ ਉਮੀਦਵਾਰ ਨਹੀਂ ਲੱਭਿਆ ਤਾਂ ਕਾਂਗਰਸ ‘ਚੋਂ ਇਕ ਆਗੂ ‘ਪੁੱਟਣਾ’ ਪਿਆ। ਦੂਜਾ ਚੌਧਰੀ ਪਰਿਵਾਰ ‘ਚ ਫੁੱਟ ਪਾਉਣ ਲਈ ਮਰਹੂਮ ਕਾਂਗਰਸੀ ਆਗੂ ਚੌਧਰੀ ਜਗਜੀਤ ਸਿੰਘ ਦੇ ਪੁੱਤਰ ਚੌਧਰੀ ਸੁਰਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ ਘਟੀਆ ਸੋਚ ਅਤੇ ਘਟੀਆ ਰਾਜਨੀਤੀ ਹੈ ਪਰ ਇਸ ਨਾਲ ਵੀ ‘ਆਪ’ ਦੇ ਪੱਲੇ ਕੁਝ ਪੈਣ ਵਾਲਾ ਨਹੀਂ ਹੈ। ਬਾਜਵਾ ਨੇ ਕਿਹਾ ਕਿ ‘ਆਪ’ ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਪੰਜਾਬ ਸਰਕਾਰ ਨੇ ਜਲੰਧਰ ਲੋਕ ਸਭਾ ਉਪ ਚੋਣ ਲਈ ਕਾਂਗਰਸ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਬਿਊਰੋ ਰਾਹੀਂ ਸੰਮਨ ਭੇਜਣ ਦਾ ਫੈਸਲਾ ਕੀਤਾ ਹੈ। ਵਿਜੀਲੈਂਸ ਬਿਊਰੋ ਦਾ ਇਹ ਕਦਮ ਸਪਸ਼ਟ ਤੌਰ ‘ਤੇ ਕਾਂਗਰਸ ਪਾਰਟੀ ਦੀਆਂ ਰਣਨੀਤੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਖਾਸ ਤੌਰ ‘ਤੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੰਨੀ ਪਿਛਲੇ ਚਾਰ ਮਹੀਨਿਆਂ ਤੋਂ ਇਥੇ ਹੀ ਹਨ। ਉਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਜਾਂ ਇਕ ਮਹੀਨੇ ਬਾਅਦ ਵੀ ਸੰਮਨ ਜਾਰੀ ਕੀਤਾ ਜਾ ਸਕਦਾ ਸੀ। ਹੁਣ ਉਨ੍ਹਾਂ ਨੂੰ ਸੰਮਨ ਭੇਜਣ ਦਾ ਕੀ ਮਤਲਬ ਹੈ। ਜਦੋਂ ਕਾਂਗਰਸ ਪਾਰਟੀ ਚੰਨੀ ਨੂੰ ਚੋਣ ਪ੍ਰਚਾਰ ਲਈ ਜਲੰਧਰ ਲਿਆਉਣ ਦੀ ਯੋਜਨਾ ਬਣੀ ਰਹੀ ਸੀ ਤਾਂ ਉਨ੍ਹਾਂ ਨੂੰ ਸੰਮਨ ਭੇਜ ਦਿੱਤੇ ਗਏ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਪਾਰਟੀ ਅੰਦਰੋਂ ਇਕ ਵੀ ਉਮੀਦਵਾਰ ਨਹੀਂ ਲੱਭਿਆ ਜਿਸ ਕਰ ਕੇ ਜਲੰਧਰ ਦੀ ਉਪ ਚੋਣ ਲੜਨ ਲਈ ਕਾਂਗਰਸ ਪਾਰਟੀ ਵਿੱਚੋਂ ਉਮੀਦਵਾਰ ‘ਪੁੱਟਣਾ’ ਪਿਆ ਹੈ।