ਚੰਡੀਗੜ੍ਹ ‘ਚ ਨਵੇਂ ਮੇਅਰ ਦੀ ਚੋਣ ਹੋ ਚੁੱਕੀ ਹੈ। ਇਸ ਵਾਰ ਵੀ ਮੇਅਰ ਦੀ ਸੀਟ ਭਾਜਪਾ ਦੀ ਝੋਲੀ ਪਈ ਹੈ। ਭਾਜਪਾ ਦੇ ਅਨੂਪ ਗੁਪਤਾ ਨੂੰ ਚੰਡੀਗੜ੍ਹ ਦਾ ਨਵਾਂ ਮੇਅਰ ਬਣਾ ਦਿੱਤਾ ਗਿਆ ਹੈ। ਮੇਅਰ ਚੋਣਾਂ ਦੌਰਾਨ ਕੁੱਲ 29 ਵੋਟਾਂ ਪਈਆਂ। ਇਨ੍ਹਾਂ ‘ਚੋਂ ਭਾਜਪਾ ਦੇ 14 ਕੌਂਸਲਰ ਸਨ, ਜਦੋਂ ਕਿ ਆਮ ਆਦਮੀ ਪਾਰਟੀ ਦੇ ਵੀ 14 ਕੌਂਸਲਰ ਸਨ ਪਰ ਸੰਸਦ ਮੈਂਬਰ ਕਿਰਨ ਖੇਰ ਦੀ ਵੋਟ ਭਾਜਪਾ ਨੂੰ ਗਈ। ਇਸ ਤਰ੍ਹਾਂ ਭਾਜਪਾ ਦੇ ਅਨੂਪ ਗੁਪਤਾ ਨਵੇਂ ਮੇਅਰ ਬਣ ਗਏ। ਅਨੂਪ ਗੁਪਤਾ ਨੇ ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਲਾਡੀ ਨੂੰ ਹਰਾ ਦਿੱਤਾ ਹੈ। ਚੋਣ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਕ੍ਰਾਸ ਵੋਟਿੰਗ ਨਹੀਂ ਹੋਈ। ਕਾਂਗਰਸ ਅਤੇ ਅਕਾਲੀ ਦਲ ਦੇ ਕੌਂਸਲਰ ਵੋਟਿੰਗ ਤੋਂ ਗੈਰਹਾਜ਼ਰ ਰਹੇ। ਚੰਡੀਗੜ੍ਹ ‘ਚ ਮੇਅਰ ਅਹੁਦੇ ਲਈ ਪਿਛਲੀ ਟਰਮ ‘ਚ ਡਿਪਟੀ ਮੇਅਰ ਰਹੇ ਭਾਜਪਾ ਦੇ ਅਨੂਪ ਗੁਪਤਾ ਅਤੇ ‘ਆਮ ਆਦਮੀ ਪਾਰਟੀ’ ਦੇ ਜਸਬੀਰ ਸਿੰਘ ਲਾਡੀ ਵਿਚਕਾਰ ਸਖ਼ਤ ਮੁਕਾਬਲਾ ਸੀ। ਭਾਜਪਾ ਵਲੋਂ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਹਰਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਸੀ। ਉਥੇ ਹੀ ‘ਆਪ’ ਵਲੋਂ ਇਨ੍ਹਾਂ ਅਹੁਦਿਆਂ ‘ਤੇ ਤਰੁਣਾ ਮਹਿਤਾ ਤੇ ਸੁਮਨ ਸ਼ਰਮਾ ਨੂੰ ਖੜ੍ਹਾ ਕੀਤਾ ਗਿਆ ਸੀ। ਪਰ ‘ਆਪ’ ਨੂੰ ਇਸ ਚੋਣ ‘ਚ ਨਮੋਸ਼ੀ ਹੀ ਝੱਲਣੀ ਪਈ।