ਪੰਜਾਬ ‘ਚ ਇਸ ਸਮੇਂ ਸਭ ਤੋਂ ਚਰਚਿਤ ਮੁੱਦੇ ‘ਚ ਇਕ ਨਵਾਂ ਮੋੜ ਆਇਆ ਹੈ। ਦੋ ਦਿਨ ਤੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ‘ਆਪ’ ਵਿਧਾਇਕਾਂ ਨੂੰ ਧਮਕਾਉਣ ਅਤੇ 25-25 ਕਰੋੜ ਦੇ ਲਾਲਚ ਨਾਲ ਭਾਜਪਾ ‘ਚ ਸ਼ਾਮਲ ਕਰਵਾਉਣ ਦੀਆਂ ਚਾਲਾਂ ਚੱਲਣ ਦੇ ਦੋਸ਼ ਲਾ ਰਹੇ ਹਨ। ਉਨ੍ਹਾਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਕੇ ਵੀ ਕਈ ਵਿਧਾਇਕਾਂ ਦੀ ਮੌਜੂਦਗੀ ‘ਚ ਇਹ ਦੋਸ਼ ਦੁਹਰਾਏ। ਇਸ ਸਬੰਧੀ ਭਾਜਪਾ ਖ਼ਿਲਾਫ਼ ਚੰਡੀਗੜ੍ਹ ‘ਚ ਡੀ.ਜੀ.ਪੀ. ਗੌਰਵ ਯਾਦਵ ਨੂੰ ਸ਼ਿਕਾਇਤ ਕੀਤੀ ਗਈ। ਇਸ ਮਗਰੋਂ ਪੰਜਾਬ ਪੁਲੀਸ ਨੇ ‘ਆਪ’ ਵਿਧਾਇਕਾਂ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪੁਲੀਸ ਥਾਣਾ ਸਟੇਟ ਕ੍ਰਾਈਮ, ਮੁਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 ਦੀ ਧਾਰਾ 8, ਧਾਰਾ 171-ਬੀ ਅਤੇ 120-ਬੀ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਹੈ। ਇਸ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਇਕ ਦਰਜਨ ਦੇ ਕਰੀਬ ‘ਆਪ’ ਵਿਧਾਇਕਾਂ ਨੇ ਡੀ.ਜੀ.ਪੀ. ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਭਾਜਪਾ ਆਗੂਆਂ ਵੱਲੋਂ ‘ਆਪ’ ਵਿਧਾਇਕਾਂ ਨੂੰ ਧਮਕਾਉਣ ਅਤੇ ਰੁਪਏ ਦੀ ਪੇਸ਼ਕਸ਼ ਕਰਨ ਸਬੰਧੀ ਆਡੀਓ ਰਿਕਾਰਡਿੰਗ ਅਤੇ ਹੋਰ ਸਬੂਤ ਸੌਂਪ ਕੇ ‘ਅਪਰੇਸ਼ਨ ਲੋਟਸ’ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ। ਡੀ.ਜੀ.ਪੀ. ਨੂੰ ਸ਼ਿਕਾਇਤ ਕਰਨ ਗਏ ਵਿਧਾਇਕਾਂ ‘ਚ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ, ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਕੁਲਵੰਤ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਦਿਨੇਸ਼ ਚੱਢਾ, ਰਮਨ ਅਰੋੜਾ, ਨਰਿੰਦਰ ਕੌਰ ਭਰਾਜ, ਰਜਨੀਸ਼ ਦਹੀਆ, ਰੁਪਿੰਦਰ ਸਿੰਘ ਹੈਪੀ, ਸ਼ੀਤਲ ਅੰਗੁਰਾਲ, ਅਤੇ ਲਾਭ ਸਿੰਘ ਉਗੋਕੇ ਸਣੇ ਹੋਰ ਵਿਧਾਇਕ ਹਾਜ਼ਰ ਸਨ। ‘ਆਪ’ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਉਨ੍ਹਾਂ ਦੇ 10 ਤੋਂ ਵੱਧ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਇਲਾਵਾ ਭਾਜਪਾ ਦੇ ਮਾੜੇ ਅਤੇ ਲੋਕਤੰਤਰ ਵਿਰੋਧੀ ਏਜੰਡਿਆਂ ਦਾ ਪਰਦਾਫਾਸ਼ ਕਰਨ ਲਈ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਸਮੇਤ ਕਈ ਹੋਰਾਂ ਨੂੰ ਧਮਕੀਆਂ ਵੀ ਮਿਲੀਆਂ ਹਨ। ਇਸ ਤੋਂ ਬਾਅਦ ਜਰਮਨ ਦੌਰੇ ‘ਤੇ ਗਏ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਸਬੰਧੀ ਇਕ ਬਿਆਨ ਜਾਰੀ ਕੀਤਾ ਸੀ। ਦੂਜੇ ਪਾਸੇ ਵਿਰੋਧੀਆਂ ਨੇ ਸਮੁੱਚੀ ਕਾਰਵਾਈ ਨੂੰ ਹਾਸੋਹੀਣੀ ਕਰਾਰ ਦਿੰਦਿਆਂ ਕਿਹਾ ਕਿ ‘ਅਣਪਛਾਤੇ’ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਦੀ ਕੀ ਤੁਕ ਹੈ ਜੇਕਰ ਸਬੂਤ ਹੈ ਤਾਂ ਨਾਂ ਲੈ ਕੇ ਐੱਫ.ਆਈ.ਆਰ. ਦਰਜ ਕਰਵਾਈ ਜਾਵੇ। ਜੇਕਰ ਦੋਸ਼ ਝੂਠੇ ਹਨ ਤਾਂ ਭਾਜਪਾ ਕਾਨੂੰਨੀ ਕਾਰਵਾਈ ਕਰਨ ਦਾ ਰਾਹ ਅਖ਼ਤਿਆਰ ਕਰੇ।