ਇੰਡੀਆ 142.86 ਕਰੋੜ ਲੋਕਾਂ ਨਾਲ ਆਬਾਦੀ ਪੱਖੋਂ ਚੀਨ ਨੂੰ ਪਛਾੜ ਕੇ ਨੰਬਰ ਇਕ ਮੁਲਕ ਬਣ ਗਿਆ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਇੰਡੀਆ ਦੇ ਗੁਆਂਢੀ ਮੁਲਕ ਚੀਨ ਇਸ ਵੇਲੇ 142.57 ਕਰੋੜ ਦੀ ਆਬਾਦੀ ਨਾਲ ਦੂਜਾ ਸਭ ਤੋਂ ਸੰਘਣੀ ਵਸੋਂ ਵਾਲਾ ਮੁਲਕ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਸਟੇਟ ਆਫ਼ ਦਿ ਵਰਲਡ ਪਾਪੂਲੇਸ਼ਨ ਰਿਪੋਰਟ 2023 ਮੁਤਾਬਕ ਇੰਡੀਆ ਦੀ 25 ਫੀਸਦ ਆਬਾਦੀ ਸਿਫ਼ਰ ਤੋਂ 14 ਸਾਲ ਉਮਰ ਵਰਗ, 18 ਫੀਸਦ 10 ਤੋਂ 19 ਸਾਲ, 26 ਫੀਸਦ 10 ਤੋਂ 24 ਸਾਲ, 68 ਫੀਸਦ 15 ਤੋਂ 64 ਸਾਲ ਤੇ 7 ਫੀਸਦ 65 ਸਾਲ ਤੋਂ ਉਪਰ ਹੈ। ਇੰਡੀਆ ਦੀ ਭੂਗੋਲਿਕ ਆਬਾਦੀ ਇਕ ਤੋਂ ਦੂਜੇ ਰਾਜ ‘ਚ ਵੱਖੋ-ਵੱਖਰੀ ਹੈ। ਮਾਹਿਰਾਂ ਮੁਤਾਬਕ ਕੇਰਲਾ ਤੇ ਪੰਜਾਬ ‘ਚ ਬਜ਼ੁਰਗ ਲੋਕਾਂ ਦੀ ਆਬਾਦੀ ਵੱਧ ਹੈ ਜਦੋਂਕਿ ਬਿਹਾਰ ਤੇ ਉੱਤਰ ਪ੍ਰਦੇਸ਼ ‘ਚ ਨੌਜਵਾਨਾਂ ਦੀ ਵਸੋਂ ਜ਼ਿਆਦਾ ਹੈ। ਸੰਯੁਕਤ ਰਾਸ਼ਟਰ ਨੇ ਸਾਲ 1950 ‘ਚ ਆਬਾਦੀ ਨੂੰ ਲੈ ਕੇ ਅੰਕੜੇ ਇਕੱਤਰ ਕਰਨ ਦਾ ਅਮਲ ਸ਼ੁਰੂ ਕੀਤਾ ਸੀ ਤੇ ਉਸ ਮਗਰੋਂ ਇਹ ਪਹਿਲਾ ਮੌਕਾ ਹੈ ਜਦੋਂ ਇੰਡੀਆ ਆਬਾਦੀ ਪੱਖੋਂ ਯੂ.ਐੱਨ. ਦੀ ਸੂਚੀ ‘ਚ ਅੱਵਲ ਨੰਬਰ ਬਣਿਆ ਹੈ। ਸੰਯੁਕਤ ਰਾਸ਼ਟਰ ਦੇ ਵਰਲਡ ਪਾਪੂਲੇਸ਼ਨ ਪ੍ਰੌਸਪੈਕਟਸ-2022 ਮੁਤਾਬਕ ਸਾਲ 1950 ‘ਚ ਇੰਡੀਆ ਤੇ ਚੀਨ ਦੀ ਅਬਾਦੀ ਕ੍ਰਮਵਾਰ 86.1 ਕਰੋੜ ਤੇ 114.4 ਕਰੋੜ ਸੀ। ਰਿਪੋਰਟ ‘ਚ ਕੀਤੇ ਦਾਅਵੇ ਮੁਤਾਬਕ 2050 ਤੱਕ ਇੰਡੀਆ ਦੀ ਆਬਾਦੀ ਦੇ ਵੱਧ ਕੇ 166.8 ਕਰੋੜ ਹੋਣ ਦੇ ਆਸਾਰ ਹਨ ਜਦੋਂਕਿ ਚੀਨ ਦੀ ਵਸੋਂ ਘੱਟ ਕੇ 131.7 ਕਰੋੜ ਹੋ ਜਾਵੇਗੀ। ਰਿਪੋਰਟ ਦੀ ਮੰਨੀਏ ਤਾਂ 1950 ਤੋਂ ਹੁਣ ਤੱਕ ਕੁੱਲ ਆਲਮ ਦੀ ਆਬਾਦੀ ਹੁਣ ਤੱਕ ਦੀ ਸਭ ਤੋਂ ਸੁਸਤ ਰਫ਼ਤਾਰ (ਦਰ) ਨਾਲ ਵਧੀ ਹੈ। ਸਾਲ 2020 ‘ਚ ਇਸ ਦਰ ‘ਚ 1 ਫੀਸਦ ਦਾ ਨਿਘਾਰ ਆਇਆ ਸੀ। ਵਰਲਡ ਪਾਪੂਲੇਸ਼ਨ ਪ੍ਰੌਸਪੈਕਟਸ-2022 ਮੁਤਾਬਕ ਪਿਛਲੇ ਸਾਲ ਇੰਡੀਆ ਦੀ ਆਬਾਦੀ 141.2 ਕਰੋੜ ਜਦੋਂਕਿ ਚੀਨ ਦੀ 142.6 ਕਰੋੜ ਸੀ। ਰਿਪੋਰਟ ਮੁਤਾਬਕ 15 ਨਵੰਬਰ ਤੱਕ ਆਲਮੀ ਵਸੋਂ ਦੇ 8 ਅਰਬ ਦੇ ਅੰਕੜੇ ਨੂੰ ਪੁੱਜਣ ਦੇ ਆਸਾਰ ਸਨ।