ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਕੌਮਾਂਤਰੀ ਨਿਯਮਾਂ ਨੂੰ ਦਰਕਿਨਾਰ ਕਰਦਿਆਂ ਯੂਕਰੇਨ ਦੇ ਚਾਰ ਖਿੱਤਿਆਂ ਖਰਸੌਨ, ਜ਼ਾਪੋਰਿਜ਼ੀਆ, ਲੁਹਾਂਸਕ ਤੇ ਦੋਨੇਤਸਕ ਦੇ ਰੂਸ ‘ਚ ਰਲੇਵੇਂ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਸਮਝੌਤਿਆਂ ‘ਤੇ ਦਸਤਖ਼ਤ ਕਰ ਦਿੱਤੇ ਹਨ। ਕਰੈਮਲਿਨ ਦੇ ਸੇਂਟ ਜੌਰਜ ਹਾਲ ‘ਚ ਕਰਵਾਏ ਸਮਾਗਮ ਦੌਰਾਨ ਪੂਤਿਨ ਤੇ ਯੂਕਰੇਨ ਦੇ ਚਾਰੇ ਖੇਤਰਾਂ ਦੇ ਮੁਖੀਆਂ ਨੇ ਰਲੇਵੇਂ ਸਬੰਧੀ ਸਮਝੌਤੇ ‘ਤੇ ਦਸਤਖ਼ਤ ਕੀਤੇ। ਇਨ੍ਹਾਂ ਖੇਤਰਾਂ ਦੇ ਰੂਸ ‘ਚ ਰਲੇਵੇਂ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਸੱਤ ਮਹੀਨਿਆਂ ਤੋਂ ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਹੋਰ ਤੇਜ਼ ਹੋਣ ਦਾ ਖਦਸ਼ਾ ਹੈ। ਰੂਸ ਵੱਲੋਂ ਯੂਕਰੇਨ ਦੇ ਕਬਜ਼ੇ ਵਾਲੇ ਇਲਾਕਿਆਂ ਦੇ ਰਲੇਵੇਂ ਲਈ ਕੀਤੀ ਗਈ ਰਾਏਸ਼ੁਮਾਰੀ ਤੋਂ ਤਿੰਨ ਦਿਨ ਬਾਅਦ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਯੂਕਰੇਨ ਤੇ ਪੱਛਮੀ ਮੁਲਕਾਂ ਨੇ ਇਸ ਨੂੰ ਸਿੱਧੇ-ਸਿੱਧੇ ਜ਼ਮੀਨ ‘ਤੇ ਕਬਜ਼ਾ ਕਰਾਰ ਦਿੰਦਿਆਂ ਕਿਹਾ ਕਿ ਇਹ ਬੰਦੂਕ ਦੇ ਜ਼ੋਰ ‘ਤੇ ਝੂਠੀ ਕਵਾਇਦ ਹੈ। ਕਰੈਮਲਿਨ ਦੇ ਕੰਟਰੋਲ ਹੇਠਲੀ ਰੂਸੀ ਸੰਸਦ ਦੇ ਦੋਵਾਂ ਸਦਨਾਂ ਦੀ ਮੀਟਿੰਗ ਅਗਲੇ ਹਫ਼ਤੇ ਹੋਵੇਗੀ ਜਿਸ ‘ਚ ਇਨ੍ਹਾਂ ਇਲਾਕਿਆਂ ਨੂੰ ਰੂਸ ‘ਚ ਸ਼ਾਮਲ ਕੀਤੇ ਜਾਣ ਲਈ ਸਮਝੌਤਿਆਂ ‘ਤੇ ਮੋਹਰ ਲਾਈ ਜਾਵੇਗੀ ਅਤੇ ਇਨ੍ਹਾਂ ਨੂੰ ਪ੍ਰਵਾਨਗੀ ਲਈ ਪੂਤਿਨ ਕੋਲ ਭੇਜਿਆ ਜਾਵੇਗਾ। ਪੂਤਿਨ ਤੇ ਉਸ ਦੇ ਭਾਈਵਾਲਾਂ ਨੇ ਯੂਕਰੇਨ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਉਹ ਇਨ੍ਹਾਂ ਇਲਾਕਿਆਂ ‘ਤੇ ਮੁੜ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ ਅਤੇ ਕਿਹਾ ਕਿ ਰੂਸ ਅਜਿਹੀ ਕਿਸੇ ਵੀ ਕਾਰਵਾਈ ਨੂੰ ਆਪਣੀ ਖੇਤਰੀ ਪ੍ਰਭੂਸੱਤਾ ਖ਼ਿਲਾਫ਼ ਹਮਲਾ ਮੰਨੇਗਾ ਤੇ ਜਵਾਬੀ ਕਾਰਵਾਈ ਲਈ ਕੋਈ ਵੀ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗਾ।
ਓਧਰ ਯੂਕਰੇਨ ਦੇ ਜ਼ਾਪੋਰਿਜ਼ੀਆ ਸ਼ਹਿਰ ‘ਚ ਆਮ ਲੋਕਾਂ ਦੇ ਕਾਫਲੇ ‘ਤੇ ਰੂਸ ਵੱਲੋਂ ਕੀਤੇ ਗਏ ਹਮਲੇ ‘ਚ ਘੱਟ ਤੋਂ ਘੱਟ 25 ਜਣਿਆਂ ਦੀ ਮੌਤ ਹੋ ਗਈ ਅਤੇ 28 ਜ਼ਖ਼ਮੀ ਹੋ ਗਏ। ਇਹ ਹਮਲਾ ਮਾਸਕੋ ਵੱਲੋਂ ਯੂਕਰੇਨ ਦੇ ਕੁਝ ਇਲਾਕਿਆਂ ਦੇ ਰੂਸ ‘ਚ ਰਲੇਵੇਂ ਦੀ ਯੋਜਨਾ ਤੋਂ ਕੁਝ ਘੰਟੇ ਪਹਿਲਾਂ ਕੀਤਾ ਗਿਆ ਹੈ। ਜ਼ਾਪੋਰਿਜ਼ੀਆ ਦੇ ਖੇਤਰੀ ਗਵਰਨਰ ਅਲੈਕਜ਼ੈਂਡਰ ਸਟਾਰੁਖ ਨੇ ਆਨਲਾਈਨ ਬਿਆਨ ਜਾਰੀ ਕਰਦਿਆਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰੂਸੀ ਸੈਨਾ ਨੇ ਰੂਸ ਦੇ ਕਬਜ਼ੇ ਵਾਲੇ ਇਲਾਕੇ ‘ਚ ਆਮ ਲੋਕਾਂ ਦੇ ਇਕ ਕਾਫਲੇ ‘ਤੇ ਹਮਲਾ ਕੀਤਾ ਹੈ ਜਿਸ ‘ਚ 25 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 28 ਜ਼ਖ਼ਮੀ ਹੋਏ ਹਨ। ਗਵਰਨਰ ਨੇ ਸੜਕ ‘ਤੇ ਸੜੇ ਹੋਏ ਵਾਹਨਾਂ ਤੇ ਲਾਸ਼ਾਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਰੂਸ ਨੇ ਅਜੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਮਾਸਕੋ, ਯੂਕਰੇਨ ਦੇ ਚਾਰ ਖੇਤਰਾਂ ਦੇ ਰੂਸ ‘ਚ ਰਲੇਵੇਂ ਦੀ ਤਿਆਰੀ ਕਰ ਰਿਹਾ ਹੈ ਅਤੇ ਕੌਮਾਂਤਰੀ ਭਾਈਚਾਰੇ ਨੇ ਇਸ ਦੀ ਨਿੰਦਾ ਕੀਤੀ ਹੈ। ਸਟਾਰੁਖ ਨੇ ਕਿਹਾ ਕਿ ਜਿਸ ਕਾਫਲੇ ‘ਤੇ ਹਮਲਾ ਕੀਤਾ ਗਿਆ ਹੈ ਉਸ ‘ਚ ਸ਼ਾਮਲ ਲੋਕ ਰੂਸ ਦੇ ਕਬਜ਼ੇ ਵਾਲੇ ਖੇਤਰ ‘ਚ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਸੁਰੱਖਿਅਤ ਲਿਆਉਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਬਚਾਅ ਕਰਮੀ ਹਮਲੇ ਵਾਲੀ ਥਾਂ ‘ਤੇ ਪਹੁੰਚ ਗਏ ਹਨ। ਇਸੇ ਦੌਰਾਨ ਯੂਕਰੇਨ ਦੇ ਦਨੀਪਰੋ ‘ਚ ਰੂਸ ਵੱਲੋਂ ਕੀਤੇ ਗਏ ਹਮਲੇ ‘ਚ ਜਨਤਕ ਟਰਾਂਸਪੋਰਟ ਦਾ ਇਕ ਡਿੱਪੂ ਵੀ ਤਬਾਹ ਹੋ ਗਿਆ ਹੈ।
ਆਮ ਲੋਕਾਂ ਦੇ ਕਾਫਲੇ ‘ਤੇ ਹਮਲੇ ‘ਚ 25 ਹਲਾਕ, ਰੂਸ ਵੱਲੋਂ ਯੂਕਰੇਨ ਦੇ ਚਾਰ ਖਿੱਤਿਆਂ ਦਾ ਰਲੇਵਾਂ
Related Posts
Add A Comment