ਆਸਟਰੇਲੀਆ ਦੀ ਸੀਮਤ ਓਵਰ ਟੀਮ ਦੇ ਕਪਤਾਨ ਆਰੋਨ ਫਿੰਚ ਨੇ ਵਨ-ਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਆਸਟਰੇਲੀਅਨ ਕ੍ਰਿਕਟ ਟੀਮ ਦੇ ਵਨ-ਡੇ ਅਤੇ ਟੀ-20 ਕਪਤਾਨ ਆਰੋਨ ਫਿੰਚ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਇਹ ਐਲਾਨ ਕੀਤਾ। ਉਹ ਐਤਵਾਰ ਨੂੰ ਕੇਨਰਸ ‘ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਆਪਣਾ 146ਵਾਂ ਤੇ ਆਖ਼ਰੀ ਵਨ-ਡੇ ਇੰਟਰਨੈਸ਼ਨਲ ਮੈਚ ਖੇਡੇ। ਵਨ-ਡੇ ਤੋਂ ਸੰਨਿਆਸ ਲੈਣ ਦੇ ਬਾਵਜੂਦ ਉਹ ਆਪਣੇ ਦੇਸ਼ ਦੀ ਟੀ-20 ਟੀਮ ਦੇ ਕਪਤਾਨ ਬਣੇ ਰਹਿਣਗੇ। ਫਿੰਚ ਦੀ ਕਪਤਾਨੀ ‘ਚ ਆਸਟਰੇਲੀਆ ਨੇ ਪਿਛਲੇ ਸਾਲ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਫਿੰਚ ਨੇ ਆਪਣੇ ਕਰੀਅਰ ‘ਚ ਹੁਣ ਤੱਕ 5 ਟੈਸਟ ਮੈਚ, 145 ਵਨ-ਡੇ ਮੈਚ ਅਤੇ 92 ਟੀ-20 ਮੈਚ ਖੇਡੇ ਹਨ। ਉਨ੍ਹਾਂ ਨੇ 54 ਵਨ-ਡੇ ਮੈਚਾਂ ‘ਚ ਟੀਮ ਦੀ ਕਪਤਾਨੀ ਕੀਤੀ ਹੈ। ਜ਼ਿਕਰਯੋਗ ਹੈ ਕਿ ਆਰੋਨ ਫਿੰਚ ਪਿਛਲੇ ਕੁਝ ਸਮੇਂ ਤੋਂ ਬੇਹੱਦ ਖਰਾਬ ਫਾਰਮ ‘ਚ ਚੱਲ ਰਹੇ ਹਨ। ਉਸ ਨੇ ਇਸ ਸਾਲ 13 ਵਨ-ਡੇ ਮੈਚਾਂ ‘ਚ ਸਿਰਫ਼ 13 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਹ 5 ਵਾਰ ਜ਼ੀਰੋ ‘ਤੇ ਆਊਟ ਹੋ ਚੁੱਕੇ ਹਨ। ਫਿੰਚ ਇੱਕ ਕੈਲੰਡਰ ਸਾਲ ‘ਚ ਸਭ ਤੋਂ ਜ਼ਿਆਦਾ ਵਾਰ ਸਿਫ਼ਰ ‘ਤੇ ਆਊਟ ਹੋਣ ਵਾਲੇ ਆਸਟਰੇਲੀਅਨ ਕਪਤਾਨ ਬਣ ਗਏ ਹਨ। ਫਿੰਚ ਦਾ ਕਰੀਅਰ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ। ਉਨ੍ਹਾਂ ਨੇ 145 ਵਨ-ਡੇ ਮੈਚਾਂ ‘ਚ 17 ਸੈਂਕੜੇ ਅਤੇ 30 ਅਰਧ ਸੈਂਕੜੇ ਲਗਾਏ ਹਨ। ਇਸ ‘ਚ ਉਸ ਨੇ 39 ਦੀ ਔਸਤ ਨਾਲ 5401 ਦੌੜਾਂ ਬਣਾਈਆਂ ਹਨ। ਟੀ-20 ‘ਚ ਉਸ ਦੇ ਨਾਂ ਦੋ ਸੈਂਕੜੇ ਅਤੇ 17 ਅਰਧ ਸੈਂਕੜੇ ਹਨ।