ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਫਾਈਨਲ ਵਿਸ਼ਵ ਦੀਆਂ ਦੋ ਚੋਟੀ ਦੀ ਰੈਂਕਿੰਗ ਵਾਲੀਆਂ ਖਿਡਾਰਨਾਂ ਵਿਚਾਲੇ ਖੇਡਿਆ ਗਿਆ। ਇਸ ਮੈਚ ‘ਚ ਆਰਯਨਾ ਸਬਾਲੇਂਕਾ ਨੇ ਇਗਾ ਸਵੀਆਟੇਕ ਨੂੰ ਹਰਾ ਕੇ ਖਿਤਾਬ ਜਿੱਤਿਆ। ਵਿਸ਼ਵ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਕਾਬਜ਼ ਸਬਾਲੇਂਕਾ ਨੇ ਚੋਟੀ ਦੀ ਰੈਂਕਿੰਗ ਦੀ ਸਵੀਆਟੇਕ ਨੂੰ ਤਿੰਨ ਸੈੱਟਾਂ ਤੱਕ ਚੱਲੇ ਸਖਤ ਮੁਕਾਬਲੇ ‘ਚ 6-3, 3-6, 6-3 ਨਾਲ ਹਰਾਇਆ। ਬੇਲਾਰੂਸ ਦੀ ਖਿਡਾਰਨ ਸਬਾਲੇਂਕਾ ਦੋ ਹਫ਼ਤੇ ਪਹਿਲਾਂ ਸਟਟਗਾਰਟ ਓਪਨ ਦੇ ਫਾਈਨਲ ‘ਚ ਹਾਰ ਗਈ ਸੀ ਅਤੇ ਇਸ ਤੋਂ ਪਹਿਲਾਂ ਉਹ ਆਪਣੀ ਵਿਰੋਧੀ ਪੋਲੈਂਡ ਦੀ ਸਵੀਆਟੇਕ ਖ਼ਿਲਾਫ਼ ਕਲੇ ਕੋਰਟਸ ਉੱਤੇ ਖੇਡੇ ਗਏ ਤਿੰਨ ਮੈਚਾਂ ‘ਚ ਜਿੱਤ ਨਹੀਂ ਸਕੀ ਸੀ। ਹਾਲਾਂਕਿ ਉਸ ਨੇ ਇਥੇ ਹਮਲਾਵਰ ਰਵੱਈਆ ਦਿਖਾਇਆ ਅਤੇ ਢਾਈ ਘੰਟੇ ਤੱਕ ਚੱਲੇ ਮੈਚ ਨੂੰ ਜਿੱਤ ਲਿਆ। ਆਸਟਰੇਲੀਅਨ ਓਪਨ ਚੈਂਪੀਅਨ ਸਬਲੇਂਕਾ ਦਾ ਇਸ ਸੀਜ਼ਨ ‘ਚ ਇਹ ਤੀਜਾ ਅਤੇ ਕਰੀਅਰ ਦਾ 13ਵਾਂ ਖਿਤਾਬ ਹੈ।