ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਇਸ ਸਮੇਂ ਟੈਂਡਰ ਘੁਟਾਲੇ ਕਾਰਨ ਵਿਜੀਲੈਂਸ ਦੀ ਹਿਰਾਸਤ ‘ਚ ਹਨ ਜਦਕਿ ਉਨ੍ਹਾਂ ਦਾ ਪੀ.ਏ. ਫਰਾਰ ਹੈ। ਕਿਸੇ ਸਮੇਂ ਡਿਪੂ ਤੇ ਕਰਿਆਨਾ ਦੁਕਾਨ ਚਲਾਉਣ ਵਾਲਾ ਇਹ ਵੀ ਪੀ.ਏ. ਵੀ ਕਰੋੜਪਤੀ ਨਿਕਲਿਆ ਹੈ। ਆਸ਼ੂ ਵਾਂਗ ਉਸ ਦੇ ਨਾਂ ‘ਤੇ ਵੀ ਕਰੋੜਾਂ ਦੀ ਜਾਇਦਾਦ ਹੈ ਜਿਸ ਬਾਰੇ ਵਿਜੀਲੈਂਸ ਪਤਾ ਲਾਉਣ ‘ਚ ਲੱਗੀ ਹੋਈ ਹੈ। ਇਸ ਤੋਂ ਇਲਾਵਾ ਆਸ਼ੂ ਦੇ ਰੁਪਏ ਇਨਵੈਸਟ ਕਰਨ ਵਾਲੇ ਇਨਵੈਸਟਰਾਂ ਦੀ ਵੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਬਹੁਤੀ ਰਕਮ ਇਕੋ ਇਨਵੈਸਟਰ ਰਾਹੀਂ ਦੇਸ਼ ਤੋਂ ਇਲਾਵਾ ਵਿਦੇਸ਼ਾਂ ‘ਚ ਲਾਈ ਗਈ। ਆਸ਼ੂ ਦੇ ਨਾਲ-ਨਾਲ ਹੁਣ ਉਨ੍ਹਾਂ ਦੇ ਨਜ਼ਦੀਕੀਆਂ ਦੀਆਂ ਮੁਸ਼ਕਲਾਂ ਵੀ ਵਧਣ ਲੱਗੀਆਂ ਹਨ। ਪੀ.ਏ. ਮੀਨੂੰ ਪੰਕਜ ਮਲਹੋਤਰਾ ਨੂੰ ਵਿਜੀਲੈਂਸ ਨੇ ਪਹਿਲਾਂ ਹੀ ਨਾਮਜ਼ਦ ਕਰ ਲਿਆ ਹੈ ਪਰ ਹੁਣ ਉਸ ਤੋਂ ਇਲਾਵਾ ਕਈ ਅਜਿਹੇ ਲੋਕ ਹਨ, ਜੋ ਆਸ਼ੂ ਦੇ ਕਾਫ਼ੀ ਕਰੀਬੀ ਹਨ ਤੇ ਸਾਬਕਾ ਮੰਤਰੀ ਦਾ ਸਾਰਾ ਪੈਸਾ ਉਨ੍ਹਾਂ ਰਾਹੀਂ ਨਿਵੇਸ਼ ਹੁੰਦਾ ਸੀ। ਇਸ ਲਈ ਹੁਣ ਸ਼ਹਿਰ ਦਾ ਇਕ ਵੱਡਾ ਇਨਵੈਸਟਰ ਵੀ ਵਿਜੀਲੈਂਸ ਦੀ ਰਾਡਾਰ ‘ਤੇ ਹੈ, ਜੋ ਭਾਰਤ ਭੂਸ਼ਣ ਆਸ਼ੂ ਦਾ ਕਾਫ਼ੀ ਕਰੀਬੀ ਸੀ। ਐੱਸ.ਐੱਸ.ਪੀ. ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਨਿਵੇਸ਼ਕਾਂ ਰਾਹੀਂ ਸਾਬਕਾ ਮੰਤਰੀ ਆਸ਼ੂ ਦਾ ਪੈਸਾ ਬਾਹਰ ਨਿਵੇਸ਼ ਹੋਇਆ ਹੈ। ਵਿਜੀਲੈਂਸ ਨੇ ਇਕ ਸੂਚੀ ਤਿਆਰ ਕੀਤੀ ਹੈ, ਜਿਸ ਤੋਂ ਬਾਅਦ ਨਿਵੇਸ਼ਕਾਂ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ। ਜੇਕਰ ਉਨ੍ਹਾਂ ਦੀ ਕੋਈ ਸ਼ਮੂਲੀਅਤ ਸਾਹਮਣੇ ਆਈ ਤਾਂ ਉਨ੍ਹਾਂ ‘ਤੇ ਵੀ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਰੋੜਾਂ ਰੁਪਏ ਕਈ ਥਾਵਾਂ ‘ਤੇ ਨਿਵੇਸ਼ ਕੀਤੇ ਹਨ, ਜਿਸ ਦੀ ਜਾਣਕਾਰੀ ਵਿਜੀਲੈਂਸ ਨੂੰ ਮਿਲ ਚੁੱਕੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਇਨਵੈਸਟਰ ਦੇ ਜ਼ਰੀਏ ਹੀ ਕਰੋੜਾਂ ਰੁਪਏ ਬਾਜ਼ਾਰ ‘ਚ ਲਾਏ ਗਏ ਹਨ। ਸ਼ਹਿਰ ਦਾ ਇਕ ਨਿਵੇਸ਼ਕ ਅਜਿਹਾ ਹੈ ਜਿਸ ਨੇ ਕਰੋੜਾਂ ਰੁਪਏ ਨਿਵੇਸ਼ ਕੀਤੇ ਹਨ। ਇਸ ਤੋਂ ਇਲਾਵਾ ਵਿਜੀਲੈਂਸ ਨੇ ਉਨ੍ਹਾਂ ਸਾਰੇ ਵਿਅਕਤੀਆਂ ਦੇ ਫੋਨ ਕਾਲਾਂ ਦੀ ਸੂਚੀ ਵੀ ਮੰਗਵਾ ਲਈ ਹੈ। ਤੇਲੂ ਰਾਮ ਨੇ ਵੀ ਸਾਬਕਾ ਮੰਤਰੀ ਦੇ ਕਈ ਕਰੀਬੀਆਂ ਦਾ ਨਾਮ ਲਿਆ ਹੈ, ਜਿਸ ਤੋਂ ਬਾਅਦ ਕਈ ਕਾਂਗਰਸੀਆਂ ਦੀ ਨੀਂਦ ਉੱਡੀ ਹੋਈ ਹੈ। ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ‘ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਕਾਂਗਰਸੀਆਂ ਨੇ ਵਿਜੀਲੈਂਸ ‘ਤੇ ਦਬਾਅ ਬਣਾਉਣ ਲਈ ਵਿਜੀਲੈਂਸ ਦੇ ਦਫ਼ਤਰ ਸਾਹਮਣੇ ਜ਼ਿਲ੍ਹਾ ਪਰਿਸ਼ਦ ਦੀ ਇਮਾਰਤ ‘ਚ ਪੱਕਾ ਮੋਰਚਾ ਲਗਾ ਦਿੱਤਾ ਹੈ। ਕਾਂਗਰਸੀ ਉਥੇ ਟੈਂਟ ਲਾ ਕੇ ਕੁਰਸੀਆਂ ਡਾਹ ਕੇ ਡਟ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਮੰਤਰੀ ਆਸ਼ੂ ਨੂੰ ਸਖਤੀ ਤੋਂ ਬਚਾਉਣ ਲਈ ਇਹ ਮੋਰਚਾ ਲਾਇਆ ਗਿਆ ਹੈ। ਇਸ ਦੌਰਾਨ ਕਈ ਵੱਡੇ ਵੱਡੇ ਕਾਂਗਰਸੀ ਆਗੂ ਵਰਕਰਾਂ ਨੂੰ ਮਿਲਣ ਪੁੱਜ ਰਹੇ ਹਨ। ਅੱਜ ਦੂਜੇ ਦਿਨ ਵੀ ਇਹ ਧਰਨਾ ਜਾਰੀ ਰਿਹਾ ਜਿਸ ‘ਚ ਸੰਸਦ ਮੈਂਬਰ ਰਵਨੀਤ ਬਿੱਟੂ ਸਮੇਤ ਹੋਰਨਾਂ ਕਾਂਗਰਸੀ ਆਗੂਆਂ ਨੇ ਸ਼ਮੂਲੀਅਤ ਕੀਤੀ।