ਸਿਡਨੀ ਦੀ ਇਕ ਸਿਟੀ ਕੌਂਸਲ ਨੇ ਅਗਲੇ ਮਹੀਨੇ ਪ੍ਰਸਤਾਵਿਤ ਖਾਲਿਸਤਾਨ ਪੱਖੀ ਪ੍ਰੋਗਰਾਮ ਨੂੰ ਸੁਰੱਖਿਆ ਕਾਰਨਾਂ ਕਰਕੇ ਰੱਦ ਕਰ ਦਿੱਤਾ ਹੈ। ਸੁਰੱਖਿਆ ਏਜੰਸੀਆਂ ਦੀ ਸਲਾਹ ‘ਤੇ ਕਾਰਵਾਈ ਕਰਦਿਆਂ ਬਲੈਕਟਾਊਨ ਸਿਟੀ ਵਿੱਚ ‘ਸਿੱਖਸ ਫਾਰ ਜਸਟਿਸ’ ਸਮੂਹ ਦੇ ਪ੍ਰੋਗਰਾਮ ਲਈ ਦਿੱਤੀ ਗਈ ਮਨਜ਼ੂਰੀ ਸਿਟੀ ਕੌਂਸਲ ਨੇ ਵਾਪਸ ਲੈ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 24 ਮਈ ਨੂੰ ਕੁਆਡ ਸੰਮੇਲਨ ‘ਚ ਸ਼ਿਰਕਤ ਕਰਨ ਲਈ ਸਿਡਨੀ ਦੇ ਦੌਰੇ ਦਾ ਪ੍ਰੋਗਰਾਮ ਹੈ ਜਿਸ ਦੀ ਮੇਜ਼ਬਾਨੀ ਆਸਟਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਕਰਨਗੇ। ਸਿਟੀ ਕੌਂਸਲ ਨੇ ਇਕ ਬਿਆਨ ‘ਚ ਕਿਹਾ, ‘ਕੌਂਸਲ ਨੇ ਅੱਜ ਸਵੇਰੇ ਇਸ ਬੁੱਕਿੰਗ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਇਹ ਕੌਂਸਲ ਦੀ ਨੀਤੀ ਦੇ ਖ਼ਿਲਾਫ਼ ਹੈ।’ ਬਿਆਨ ਅਨੁਸਾਰ ਸ਼ਹਿਰ ‘ਚ ਲੱਗੇ ਪ੍ਰੋਗਰਾਮ ਦੇ ਬੈਨਰਾਂ ਅਤੇ ਪੋਸਟਰਾਂ ਨੂੰ ਹਟਾ ਦਿੱਤਾ ਗਿਆ ਹੈ। ਖ਼ਬਰ ‘ਚ ਕਿਹਾ ਗਿਆ ਹੈ ਕਿ ਵਿਕਟੋਰੀਆ ਸਥਿਤ ਸਮੂਹ ਖ਼ਿਲਾਫ਼ ਜਾਂਚ ਵੀ ਜਾਰੀ ਹੈ। ਖ਼ਬਰ ‘ਚ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ, ‘ਬੇਹਿਸਾਬ ਪੈਸੇ ਦੇ ਲੈਣ-ਦੇਣ ਸਬੰਧੀ ਅਸੀਂ ਜਾਂਚ ਕਰ ਰਹੇ ਹਾਂ।’ ਕੌਂਸਲ ਦਾ ਇਹ ਫ਼ੈਸਲਾ ਸਿਡਨੀ ਦੇ ਮੰਦਰਾਂ ‘ਚ ਖਾਲਿਸਤਾਨ ਪੱਖੀ ਨਾਅਰੇ ਲਿਖਣ ਅਤੇ ਭੰਨ-ਤੋੜ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀਆਂ ਘਟਨਾਵਾਂ ਮਗਰੋਂ ਲਿਆ ਗਿਆ ਹੈ।