ਇਕਵਾਡੋਰ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਅਤੇ ਇਸ ਕਾਰਨ 14 ਲੋਕਾਂ ਦੀ ਮੌਤ ਹੋਈ ਹੈ। ਤੱਟਵਰਤੀ ਗੁਆਯਾਸ ਖੇਤਰ ‘ਚ 6.8 ਤੀਬਰਤਾ ਨਾਲ ਇਹ ਭੂਚਾਲ ਆਇਆ। ਭੂਚਾਲ ਨੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ। ਇਕਵਾਡੋਰ ਦੇ ਰਾਸ਼ਟਰਪਤੀ ਗੁਲੇਰਮੋ ਲਾਸੋ ਦਾ ਕਹਿਣਾ ਹੈ ਕਿ ਸ਼ਕਤੀਸ਼ਾਲੀ ਭੂਚਾਲ ਕਾਰਨ 14 ਲੋਕਾਂ ਦੀ ਮੌਤ ਹੋ ਗਈ ਹੈ। ਦੱਖਣੀ ਇਕਵਾਡੋਰ ਅਤੇ ਉੱਤਰੀ ਪੇਰੂ ‘ਚ ਭੂਚਾਲ ਤੋਂ ਬਾਅਦ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਮਕਾਨਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਇਕਵਾਡੋਰ ਦੇ ਰਾਸ਼ਟਰਪਤੀ ਗੁਲੇਰਮੋ ਲਾਸੋ ਨੇ ਟਵੀਟ ਕਰਕੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 6.8 ਸੀ। ਇਹ ਗੁਆਇਸ ਸੂਬੇ ਦੇ ਬਾਲਾਓ ਸ਼ਹਿਰ ਤੋਂ ਲਗਪਗ 10 ਕਿਲੋਮੀਟਰ ਦੂਰ 66.4 ਕਿਲੋਮੀਟਰ ਦੀ ਡੂੰਘਾਈ ‘ਤੇ ਵਾਪਰਿਆ। ਅਧਿਕਾਰੀਆਂ ਨੇ ਕਿਹਾ ਕਿ ਭੂਚਾਲ ਕਾਰਨ ਸੁਨਾਮੀ ਪੈਦਾ ਹੋਣ ਦੀ ਸੰਭਾਵਨਾ ਨਹੀਂ ਹੈ। ਇਕਵਾਡੋਰ ਦੇ ਜੋਖਮ ਪ੍ਰਬੰਧਨ ਸਕੱਤਰੇਤ ਨੇ ਇਕ ਬਿਆਨ ‘ਚ ਕਿਹਾ ਕਿ ਭੂਚਾਲ ਕਾਰਨ ਕੁਏਨਕਾ ਸ਼ਹਿਰ ‘ਚ ਇਕ ਵਾਹਨ ‘ਤੇ ਕੰਧ ਡਿੱਗ ਗਈ ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਮਚਾਲਾ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਕ ਦੋ ਮੰਜ਼ਿਲਾ ਮਕਾਨ ਢਹਿ ਗਿਆ ਹੈ। ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਜਦੋਂ ਕਿ ਕਈ ਇਲਾਕਿਆਂ ‘ਚ ਬਿਜਲੀ ਫੇਲ੍ਹ ਹੋ ਗਈ ਹੈ। ਇਕਵਾਡੋਰ ਦੇ ਰਾਸ਼ਟਰਪਤੀ ਗੁਲੇਰਮੋ ਲਾਸੋ ਦਾ ਕਹਿਣਾ ਹੈ ਕਿ ਸ਼ਕਤੀਸ਼ਾਲੀ ਭੂਚਾਲ ਕਾਰਨ 14 ਲੋਕਾਂ ਦੀ ਮੌਤ ਹੋ ਗਈ ਹੈ। ਸਕੱਤਰੇਤ ਨੇ ਕਿਹਾ ਕਿ ਭੂਚਾਲ ਕਾਰਨ ਦੋ ਹੋਰ ਸੂਬਿਆਂ ‘ਚ ਨੁਕਸਾਨ ਹੋਇਆ ਜਿਸ ‘ਚ ਇਕ ਸੁਪਰਮਾਰਕੀਟ ਦੀ ਕੰਧ ਢਹਿ ਗਈ ਅਤੇ ਭੂਚਾਲ ਦੇ ਝਟਕੇ ਦੇਸ਼ ਦੇ 24 ਸੂਬਿਆਂ ਵਿੱਚੋਂ ਅੱਧੇ ਤੋਂ ਵੱਧ ‘ਚ ਮਹਿਸੂਸ ਕੀਤੇ ਗਏ।